ਹੇਰਾਤ: ਦੱਖਣ ਅਤੇ ਪੱਛਮੀ ਅਫਗਾਨਿਸਤਾਨ ਦੇ ਤਿੰਨ ਸੂਬਿਆਂ ਵਿੱਚ ਤਾਲਿਬਾਨ ਅਤੇ ਅਫਗਾਨ ਫੌਜ ਵਿਚਾਲੇ ਭਿਆਨਕ ਜੰਗ ਸ਼ੁਰੂ ਹੋ ਗਈ ਹੈ। ਤਾਲਿਬਾਨ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਇਸ ਕਾਰਨ ਉਸ ਨੇ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਤੋਂ ਆਏ ਅੱਤਵਾਦੀ ਉਸ ਦੀ ਇਸ ਕੰਮ ਵਿੱਚ ਮਦਦ ਕਰ ਰਹੇ ਹਨ। ਅਫਗਾਨ ਫੌਜ ਨੇ ਤਾਲਿਬਾਨ ਨੂੰ ਕਰਾਰਾ ਜਵਾਬ ਦੇਣ ਲਈ ਹੇਰਾਤ ਸ਼ਹਿਰ ਵਿੱਚ ਵੱਡੀ ਗਿਣਤੀ ‘ਚ ਕਮਾਂਡੋ ਤਾਇਨਾਤ ਕੀਤੇ ਹਨ।
ਉੱਥੇ ਹੀ ਦੇਸ਼ ਦੇ ਦੱਖਣ ਵਿੱਚ ਸਥਿਤ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿੱਚ ਤਾਲਿਬਾਨ ਦੇ ਹਮਲੀਆਂ ਤੋਂ ਬਾਅਦ ਹੋਰ ਫੌਜ ਦੀ ਮੰਗ ਕੀਤੀ ਗਈ ਹੈ। ਤਾਲਿਬਾਨ ਨੇ ਦੇਸ਼ ਦੇ ਦੂੱਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਉੱਥੇ ਫਲਾਈਟਾਂ ਵੀ ਬੰਦ ਕਰ ਦਿੱਤੀਆਂ ਹਨ। ਤਾਲਿਬਾਨ ਨੇ ਐਤਵਾਰ ਨੂੰ ਕੰਧਾਰ ਏਅਰਪੋਰਟ ‘ਤੇ ਰਾਕੇਟ ਹਮਲਾ ਕੀਤਾ ਸੀ। ਖਬਰਾਂ ਮੁਤਾਬਕ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹੁਣ ਜਹਾਜ਼ਾਂ ਦੀ ਉਡਾਣ ਨੂੰ ਰੋਕ ਦਿੱਤਾ ਗਿਆ ਹੈ।
ਇਸ ਵਿਚਾਲੇ ਤਾਲਿਬਾਨ ਨੇ ਕੰਧਾਰ, ਹੇਰਾਤ ਅਤੇ ਲਸ਼ਕਰ ਗਾਹ ਸ਼ਹਿਰ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ। ਉਧਰ ਹੇਲਮੰਦ ਸੂਬੇ ਦੇ ਮੁਖੀ ਅਤਾਉੱਲਾ ਅਫਗਾਨ ਨੇ ਕਿਹਾ, ਸ਼ਹਿਰ ਅੰਦਰ ਜੰਗ ਜਾਰੀ ਹੈ। ਅਸੀਂ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਦੀ ਮੰਗ ਕੀਤੀ ਹੈ।