ਸਰਕਾਰ ਦੀ ਅਣਗਹਿਲੀ ਕਾਰਨ ਖੇਡ ਜਗਤ ‘ਚ ਮਾਯੂਸੀ
ਚੰਡੀਗੜ੍ਹ : ਦੇਸ਼ ਦੀ ਸਭ ਤੋਂ ਵਡੇਰੀ ਉਮਰ ਦੀ ਇੰਟਰਨੈਸ਼ਨਲ ਮਾਸਟਰ ਐਥਲੀਟ ਬੇਬੇ ਮਾਨ ਕੌਰ ਦਾ ਅੱਜ ਸੈਕਟਰ-25 ਸਥਿਤ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਇਲੈਕਟ੍ਰਿਕ ਮਸ਼ੀਨ ਰਾਹੀਂ ਕੀਤਾ ਗਿਆ। ਬੇਬੇ ਮਾਨ ਕੌਰ ਨੇ ਬੀਤੇ ਦਿਨ 105 ਸਾਲ ਦੀ ਉਮਰ ਵਿੱਚ ਡੇਰਾ ਬੱਸੀ ਦੇ ਇੱਕ ਆਯੁਰਵੇਦਿਕ ਹਸਪਤਾਲ ‘ਚ ਆਖਰੀ ਸਾਂਹ ਲਏ ਸਨ, ਇੱਥੇ ਉਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ।

ਪਰ ਸਭ ਤੋਂ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਦੇਸ਼ ਦੀ ਸ਼ਾਨ ਵਧਾਉਣ ਵਾਲੀ ਮਾਨ ਕੌਰ ਨੂੰ ਆਪਣੇ ਆਖ਼ਰੀ ਸਫ਼ਰ ਦੌਰਾਨ ਉਹ ਮਾਣ ਨਹੀਂ ਮਿਲਿਆ, ਜਿਹੜਾ ਉਨ੍ਹਾਂ ਨੂੰ ਹਰ ਹਾਲ ਵਿੱਚ ਮਿਲਣਾ ਚਾਹੀਦਾ ਸੀ। ਅੰਤਿਮ ਸੰਸਕਾਰ ਮੌਕੇ ਕੋਈ ਵੀ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਨਹੀਂ ਹੋਇਆ। ਨਾ ਹੀ ਉਨ੍ਹਾਂ ਨੂੰ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਸਿਆਸੀ ਆਗੂਆਂ ਵਿਚੋਂ ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਜ਼ਰੂਰ ਪੁੱਜੇ। ਉਨ੍ਹਾਂ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦਾ ਕੋਈ ਆਗੂ ਨਹੀਂ ਆਇਆ।
ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਬੇਬੇ ਮਾਨ ਕੌਰ ਦੀ ਯਾਦ ਸਥਾਪਤ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਜਲਦ ਫ਼ੈਸਲਾ ਲਵੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਖੇਡ ਮੰਤਰੀ ਨੇ ਬੇਬੇ ਮਾਨ ਕੌਰ ਦੇ ਦੇਹਾਂਤ ‘ਤੇ ਅਫਸੋਸ ਜਤਾਇਆ ਸੀ, ਪਰ ਅੱਜ ਸੰਸਕਾਰ ਮੌਕੇ ਕਿਸੇ ਵੱਡੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਦਾ ਨਾਂ ਹੋਣਾ ਖਿਡਾਰੀਆਂ ਪ੍ਰਤੀ ਸਰਕਾਰ ਦੀ ਅਣਗਹਿਲੀ ਨੂੰ ਉਜਾਗਰ ਜ਼ਰੂਰ ਕਰ ਗਿਆ।

