ਇੰਡੀਆਨਾਪੋਲਿਸ : ਇੰਡੀਆਨਾ ਸੂਬੇ ਦੀ ਪੁਲਿਸ ਅਤੇ FBI ਵੱਲੋਂ ਚਾਰ ਸਿੱਖਾਂ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਘਟਨਾ ਨੂੰ ਨਸਲੀ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ FBI ਨੇ ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਹੈ ਜਿਸ ਨੇ 8 ਲੋਕਾਂ ਦੇ ਕਤਲ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।
ਉਧਰ ਸਿੱਖ ਜਥੇਬੰਦੀਆਂ ਵੱਲੋਂ ਅਪ੍ਰੈਲ ‘ਚ ਵਾਪਰੀ ਘਟਨਾ ਬਾਰੇ ਆਏ ਫ਼ੈਸਲੇ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਸਿੱਖ ਕੋਲੀਸ਼ਨ ਦੀ ਲੀਗਲ ਡਾਇਰੈਕਟਰ ਅੰਮ੍ਰਿਤ ਕੌਰ ਨੇ ਦਾਅਵਾ ਕੀਤਾ ਕਿ ਹਮਲਾਵਰ ਨੇ ਜਾਣ-ਬੁੱਝ ਕੇ ਕਤਲੇਆਮ ਲਈ ਪੰਜਾਬੀਆਂ ਦੀ ਬਹੁਗਿਣਤੀ ਵਾਲੀ ਥਾਂ ਨੂੰ ਚੁਣਿਆ। ਅਸੀਂ ਇਹ ਨਹੀਂ ਦੱਸ ਸਕਦੇ ਕਿ ਹਮਲਾਵਰ ਨੇ ਫ਼ੈਡਐਕਸ ਨੂੰ ਹੀ ਕਿਉਂ ਚੁਣਿਆ ਪਰ ਇਸ ਹਮਲੇ ਦੀ ਤਿਆਰੀ ਘੱਟੋ-ਘੱਟ 9 ਮਹੀਨੇ ਪਹਿਲਾਂ ਸ਼ੁਰੂ ਕਰ ਦਿਤੀ ਗਈ ਸੀ।
ਉਧਰ ਐਫ਼.ਬੀ.ਆਈ. ਨੇ ਕਿਹਾ ਕਿ ਗੋਲੀਆਂ ਚਲਾਉਣ ਵਾਲੇ ਬਰੈਂਡਨ ਸਕਾਟ ਹੋਲ ਦੇ ਕੰਪਿਊਟਰ ‘ਚੋਂ ਨਾਜ਼ੀਆਂ ਦੀ ਹਮਾਇਤ ਵਾਲੀਆਂ ਚੀਜ਼ਾਂ ਮਿਲੀਆਂ ਹਨ ਪਰ ਇਨ੍ਹਾਂ ਰਾਹੀਂ ਕੁਝ ਸਾਬਤ ਨਹੀਂ ਹੁੰਦਾ। ਐਫ਼.ਬੀ.ਆਈ. ਦੇ ਸਪੈਸ਼ਲ ਏਜੰਟ ਪੋਲ ਕੀਨਨ ਨੇ ਕਿਹਾ ਕਿ ਹਮਲਾਵਰ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਤ ਨਹੀਂ ਸੀ।
ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਪੀੜਤ ਪਰਿਵਾਰ ਅਤੇ ਸਿੱਖ ਭਾਈਚਾਰਾ ਹੈਰਾਨ ਹੈ ਕਿ ਬਗ਼ੈਰ ਜਾਂਚ ਦੇ ਕੇਸ ਬੰਦ ਕਿਉਂ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ FedEx ਸੈਂਟਰ ‘ਚ ਗੋਲੀਬਾਰੀ ਦੌਰਾਨ ਅੱਠ ਜਣਿਆਂ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ। ਹਮਲਾਵਰ ਇਸ ਡਿਸਟ੍ਰੀਬਿਊਸ਼ਨ ਸੈਂਟਰ ਵਿਚ ਕੰਮ ਕਰ ਚੁੱਕਾ ਸੀ ਅਤੇ ਆਵਾਜਾਈ ਦੇ ਰਸਤਿਆਂ ਬਾਰੇ ਚੰਗੀ ਤਰ੍ਹਾਂ ਜਾਣੂ ਸੀ।