ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਕੀਤੀ ਵੱਡੀ ਮੰਗ

TeamGlobalPunjab
2 Min Read

ਨਵੀਂ ਦਿੱਲੀ : ਪੱਛਮੀ ਬੰਗਾਲ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਸ਼ਾਮ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ‘ਯਾਸ ਤੂਫਾਨ’ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ 28 ਮਈ ਨੂੰ ਪੱਛਮੀ ਬੰਗਾਲ ਦੌਰੇ ‘ਤੇ ਗਏ ਸਨ, ਪਰ ਉਸ ਸਮੇਂ ਮਮਤਾ ਨੇ ਪ੍ਰਧਾਨਮੰਤਰੀ ਨੂੰ ਨਾ ਸਿਰਫ ਅੱਧਾ ਘੰਟਾ ਇੰਤਜ਼ਾਰ ਕਰਵਾਇਆ ਸੀ, ਸਗੋਂ ਰਿਵਿਊ ਮੀਟਿੰਗ ਵਿੱਚ ਹਿੱਸਾ ਲਏ ਬਿਨਾਂ ਉੱਥੋਂ ਚਲੀ ਗਈ ਸੀ।

 

ਅੱਜ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕੋਰੋਨਾ ਦੇ ਮੁੱਦੇ ‘ਤੇ ਗੱਲ ਕੀਤੀ ਹੈ। ਮੈਂ ਪ੍ਰਧਾਨ ਮੰਤਰੀ ਨੂੰ ਮੰਗ ਕੀਤੀ ਹੈ ਕਿ ਪੱਛਮੀ ਬੰਗਾਲ ਨੂੰ ਦਿੱਤੀ ਜਾ ਰਹੀ ਵੈਕਸੀਨ ਟੀਕਿਆਂ ਦੀ ਗਿਣਤੀ ਵਧਾਈ ਜਾਵੇ। ਸਾਨੂੰ ਆਬਾਦੀ ਦੇ ਅਨੁਸਾਰ ਵੈਕਸੀਨ ਮੁਹੱਈਆ ਕਰਵਾਈ ਜਾਵੇ । ਆਬਾਦੀ ਦੇ ਮਾਮਲੇ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਪੱਛਮੀ ਬੰਗਾਲ ਨੂੰ ਬਹੁਤ ਘੱਟ ਵੈਕਸੀਨ ਮਿਲੀ ਹੈ।

ਮਮਤਾ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਇਸ ਦੇ ਜਵਾਬ ਵਿਚ ਕੀ ਕਿਹਾ। ਇਸ ‘ਤੇ ਉਨ੍ਹਾਂ ਕਿਹਾ ਕਿ, ਪ੍ਰਧਾਨਮੰਤਰੀ ਦੀ ਗੱਲ ਮੈਂ ਆਪਣੇ ਮੂੰਹ ਨਾਲ ਦੱਸਾਂਗੀ ਤਾਂ ਇਹ ਸਹੀ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਨਿਸ਼ਚਤ ਰੂਪ ਤੋਂ ਇਸ ਮਾਮਲੇ ਨੂੰ ਵੇਖਣਗੇ। ਉਨ੍ਹਾਂ ਕਿਹਾ, ‘ਮੈਂ ਦੋ ਸਾਲਾਂ ਬਾਅਦ ਦਿੱਲੀ ਆਈ ਹਾਂ। ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਪ੍ਰਧਾਨਮੰਤਰੀ ਨਾਲ ਮੀਟਿੰਗ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਮਿਲਣ ਗਈ। ਸੰਵਿਧਾਨ ਅਨੁਸਾਰ ਇਹ ਪ੍ਰੋਟੋਕੋਲ ਹੈ । ਮੈਂ ਇਸੇ ਦਾ ਪਾਲਣ ਕੀਤਾ ਹੈ।’

ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੇਗਾਸਸ ਜਾਸੂਸੀ ਮਾਮਲੇ ‘ਤੇ ਸਰਬ ਪਾਰਟੀ ਬੈਠਕ ਬੁਲਾਉਣੀ ਚਾਹੀਦੀ ਹੈ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਮਮਤਾ ਬੈਨਰਜੀ 5 ਦਿਨਾਂ ਦੇ ਦਿੱਲੀ ਦੌਰੇ ‘ਤੇ ਹਨ।

ਰਾਸ਼ਟਰਪਤੀ ਨੂੰ ਮਿਲਣ ਲਈ ਆਰਟੀ-ਪੀਸੀਆਰ ਟੈਸਟ ਕਰਾਨਾ ਹੋਵੇਗਾ

ਮਮਤਾ ਨੇ ਕਿਹਾ ਕਿ ਕੱਲ ਉਹ ਸੋਨੀਆ ਗਾਂਧੀ ਨਾਲ ਚਾਹ ‘ਤੇ ਗੱਲਬਾਤ ਕਰਨ ਲਈ ਜਾਣਗੇ। ਰਾਸ਼ਟਰਪਤੀ ਭਵਨ ਦੇ ਸਟਾਫ ਨੇ ਕੱਲ ਤੋਂ ਅਗਲੇ ਦਿਨ ਮੁਲਾਕਾਤ ਲਈ ਸਮਾਂ ਦਿੱਤਾ ਹੈ। ਅਸੀਂ ਵੈਕਸੀਨ ਦੀਆਂ ਦੋਵੇਂ ਖੁਰਾਕ ਲਈਆਂ ਹਨ, ਪਰ ਉਹ ਕਹਿੰਦੇ ਹਨ ਕਿ ਆਰਟੀ-ਪੀਸੀਆਰ ਟੈਸਟ ਕਰਾਉਣਾ ਹੋਵੇਗਾ।

Share This Article
Leave a Comment