ਮੁੰਬਈ : ਅਸ਼ਲੀਲ ਫਿਲਮਾਂ ਦੇ ਮਾਮਲੇ ਵਿੱਚ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਖ਼ਦਸ਼ੇ ਜਤਾਏ ਜਾ ਰਹੇ ਸਨ ਕਿ ਮੁੰਬਈ ਪੁਲੀਸ ਦੀ ਕ੍ਰਾਈਮ ਬਰਾਂਚ ਸ਼ਿਲਪਾ ਸ਼ੈੱਟੀ ਨੂੰ ਵੀ ਸੰਮਨ ਜਾਰੀ ਕਰ ਸਕਦੀ ਹੈ। ਹਲਾਂਕਿ ਪੁਲੀਸ ਨੇ ਸ਼ਿਲਪਾ ਨੂੰ ਪੁਲਿਸ ਸਟੇਸ਼ਨ ਤਾਂ ਨਹੀਂ ਬੁਲਾਇਆ ਪਰ ਪੁਲੀਸ ਖ਼ੁਦ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਪਹੁੰਚ ਗਈ। ਇਸ ਤੋਂ ਇਲਾਵਾ ਮੁੰਬਈ ਪੁਲੀਸ ਰਾਜ ਕੁੰਦਰਾ ਨੂੰ ਵੀ ਨਾਲ ਲੈ ਕੇ ਪਹੁੰਚੀ ਸੀ। ਪੁਲੀਸ ਨੇ ਦੋਵਾਂ ਨੂੰ ਇਕੱਠੇ ਬਿਠਾ ਕੇ ਲਗਭਗ 6 ਘੰਟੇ ਪੁੱਛਗਿੱਛ ਕੀਤੀ।
ਪੁੱਛਗਿੱਛ ਦੌਰਾਨ ਇਹ ਸਾਹਮਣੇ ਨਹੀਂ ਆ ਸਕਿਆ ਕਿ ਪੁਲੀਸ ਨੇ ਸ਼ਿਲਪਾ ਸ਼ੈੱਟੀ ਨੂੰ ਕਿਹੜੇ-ਕਿਹੜੇ ਸਵਾਲ ਕੀਤੇ ਹਨ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਕੁੰਦਰਾ ਦੇ ਅਡਲਟ ਐਪਲੀਕੇਸ਼ਨ ਅਤੇ ਇਸ ਦੇ ਕੰਟੈਂਟ ਬਾਰੇ ਸ਼ਿਲਪਾ ਨੂੰ ਪੂਰੀ ਜਾਣਕਾਰੀ ਸੀ।
ਰਾਜ ਕੁੰਦਰਾ ਨੇ ਇਸ ਐਪਲੀਕੇਸ਼ਨ ਰਾਹੀਂ ਹੋਣ ਵਾਲੀ ਕਮਾਈ ਦੀ ਵੱਡੀ ਰਕਮ ਕਈ ਵਾਰ ਸ਼ਿਲਪਾ ਦੇ ਬੈਂਕ ਖਾਤੇ ‘ਚ ਵੀ ਮੰਗਵਾਈ ਸੀ। ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਰਾਜ ਕੁੰਦਰਾ ਦੀ ਅਡਲਟ ਐਪਲੀਕੇਸ਼ਨ ਦੇ 20 ਲੱਖ ਤੋਂ ਵੱਧ ਸਬਸਕ੍ਰਾਈਬਰ ਸਨ। ਸ਼ਿਲਪਾ ‘ਤੇ ਇਲਜ਼ਾਮ ਹੈ ਕਿ ਉਸ ਨੇ ਜਾਣਬੁੱਝ ਕੇ ਕੁੰਦਰਾ ਦੇ ਗ਼ਲਤ ਕੰਮਾਂ ਦੀ ਜਾਣਕਾਰੀ ਛੁਪਾਈ ਰੱਖੀਂ।