ਟਰਨੈਟ : ਇੰਡੋਨੇਸ਼ੀਆ ‘ਚ ਜਦੋਂ ਇਕ ਕੋਰੋਨਾ ਪੀੜਤ ਵਿਅਕਤੀ ਨੂੰ ਸ਼ਹਿਰ ਛੱਡਣ ਤੋਂ ਮਨ੍ਹਾ ਕੀਤਾ ਗਿਆ ਤਾਂ ਉਸਨੇ ਇੱਕ ਅਲੱਗ ਢੰਗ ਵਰਤਿਆ। ਵਿਅਕਤੀ ਨੇ ਆਪਣੀ ਪਤਨੀ ਦਾ ਰੂਪ ਧਾਰ ਕੇ ਹਵਾਈ ਯਾਤਰਾ ਕੀਤੀ। ਅਜਿਹਾ ਕਰਨ ਲਈ ਉਸ ਨੇ ਆਪਣੀ ਪਤਨੀ ਦੇ ਨਾਮ ਤੋਂ ਘਰੇਲੂ ਉਡਾਣ ਦੀ ਟਿਕਟ ਖਰੀਦੀ। ਉਸ ਦਾ ਬੁਰਕਾ ਪਹਿਨ ਕੇ ਉਸ ਦੇ ਪਛਾਣ ਪੱਤਰ ਤੇ ਹੋਰਨਾਂ ਦਸਤਾਵੇਜ਼ਾਂ ਅਤੇ ਉਸ ਦੀ ਕੋਰੋਨਾ ਨੈਗੇਟਿਵ ਰਿਪੋਰਟ ਲੈ ਕੇ ਹਵਾਈ ਅੱਡੇ ਪਹੁੰਚ ਗਿਆ। ਇੱਥੇ ਵੀ ਕੋਈ ਉਸ ਨੂੰ ਪਛਾਣ ਨਹੀਂ ਸਕਿਆ, ਪਰ ਜਹਾਜ਼ ‘ਚ ਉਸ ਦੀ ਇਕ ਗ਼ਲਤੀ ਨਾਲ ਭੇਤ ਖੁੱਲ੍ਹ ਗਿਆ।
ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਵੀ ਵਿਅਕਤੀ ਨੇ ਆਪਣੇ ਘਰ ਪਹੁੰਚਣ ਦੀ ਜਲਦਬਾਜ਼ੀ ‘ਚ ਸੈਂਕੜੇ ਲੋਕਾਂ ਨੂੰ ਮੁਸੀਬਤ ‘ਚ ਪਾ ਦਿੱਤਾ।
ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਇਕ ਵਿਅਕਤੀ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਕੇ ਹਵਾਈ ਯਾਤਰਾ ਕੀਤੀ ਤੇ ਸੈਂਕੜੇ ਲੋਕਾਂ ਨੂੰ ਖ਼ਤਰੇ ‘ਚ ਪਾਇਆ। ਉਸ ਨੂੰ ਆਪਣੇ ਗ੍ਰਹਿ ਨਗਰ ਟਰਨੈਟ ਜਾਣਾ ਸੀ। ਪਰ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਇਹ ਸੰਭਵ ਨਹੀਂ ਸੀ। ਪਰ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਸੀ, ਇਸ ਲਈ ਉਸ ਨੇ ਖ਼ੁਦ ਨੂੰ ਪਤਨੀ ਦੇ ਰੂਪ ‘ਚ ਪੇਸ਼ ਕਰਨ ਲਈ ਬੁਰਕਾ ਪਾਇਆ ਤੇ ਉਸ ਦੀ ਨੈਗੇਟਿਵ ਆਰਟੀ ਪੀਸੀਆਰ ਰਿਪੋਰਟ, ਪਛਾਣ ਪੱਤਰ ਤੇ ਹੋਰ ਦਸਤਾਵੇਜ਼ ਲੈ ਕੇ ਹਵਾਈ ਅੱਡੇ ਪਹੁੰਚ ਗਿਆ। ਜਹਾਜ਼ ਦੇ ਉਡਾਣ ਭਰਨ ਦੇ ਬਾਅਦ ਵਿਅਕਤੀ ਟਾਇਲਟ ਗਿਆ ਅਤੇ ਆਪਣੇ ਕੱਪੜੇ ਬਦਲ ਲਏ। ਉਸ ਨੇ ਬੁਰਕਾ ਉਤਾਰ ਕੇ ਸਧਾਰਨ ਕੱਪੜੇ ਪਾ ਲਏ ਸਨ। ਇਕ ਫਲਾਈਟ ਅਟੇਂਡੇਂਟ ਨੇ ਜਦੋਂ ਇਹ ਸਭ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਉਸ ਨੇ ਤੁਰੰਤ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ।
ਜਿਵੇਂ ਹੀ ਜਹਾਜ਼ ਟਰਨੈਟ ਪਹੁੰਚਿਆ, ਸੁਰੱਖਿਆ ਤੇ ਸਿਹਤ ਅਧਿਕਾਰੀਆਂ ਦੀ ਟੀਮ ਨੇ ਵਿਅਕਤੀ ਨੂੰ ਫੜ ਲਿਆ। ਏਅਰਪੋਰਟ ‘ਤੇ ਹੀ ਉਸ ਦਾ ਦੋਬਾਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਵੀ ਪਾਜ਼ੀਟਿਵ ਆਈ। ਫਿਲਹਾਲ ਵਿਅਕਤੀ ਨੂੰ ਉਸ ਦੇ ਘਰ ‘ਚ ਕੁਆਰੰਟਾਈਨ ਕੀਤਾ ਗਿਆ ਹੈ।