ਨਿਊਜ਼ ਡੈਸਕ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਪਿਛਲੇ 10 ਦਿਨ ਤੋਂ ਲਗਾਤਾਰ ਹਿਚਕੀਆਂ ਆਉਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਅੰਤੜੀਆਂ ਵਿੱਚ ਕੁੱਝ ਪਰੇਸ਼ਾਨੀਆਂ ਦੀ ਵਜ੍ਹਾ ਕਾਰਨ ਹੋ ਰਿਹਾ ਹੈ ਅਤੇ ਇਸ ਲਈ ਸਰਜਰੀ ਕਰਨ ਦੀ ਜ਼ਰੂਰਤ ਪੈ ਸਕਦੀ ਹੈ।
ਰਾਸ਼ਟਰਪਤੀ ਦਫ਼ਤਰ ਨੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਸੀ ਕਿ ਬੋਲਸੋਨਾਰੋ ਨੂੰ ਰਾਜਧਾਨੀ ਬਰਾਸੀਲਿਆ ਦੇ ਆਰਮਡ ਫੋਰਸਿਜ਼ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਅਤੇ ਉਹ ਠੀਕ ਮਹਿਸੂਸ ਕਰ ਰਹੇ ਹਨ। ਡਾਕਟਰ ਉਨ੍ਹਾਂ ਦੀ ਹਿਚਕੀਆਂ ਦੀ ਪਰੇਸ਼ਾਨੀ ਦਾ ਇਲਾਜ ਕਰ ਰਹੇ ਹਨ, ਪਰ ਕੁੱਝ ਘੰਟਿਆਂ ਬਾਅਦ ਇੱਕ ਹੋਰ ਬਿਆਨ ਵਿੱਚ ਦਫ਼ਤਰ ਨੇ ਕਿਹਾ ਕਿ 2018 ਵਿੱਚ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਅਭਿਆਨ ਦੇ ਦੌਰਾਨ ਬੋਲਸੋਨਾਰੋ ਦੇ ਪੇਟ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਨ ਵਾਲੇ ਸਰਜਨ ਨੇ ਉਨ੍ਹਾਂ ਨੂੰ ਸਾਓ ਪਾਓਲੋ ਵਿੱਚ ਭਰਤੀ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਥੇ ਉਨ੍ਹਾਂ ਦੀ ਹੋਰ ਜਾਂਚ ਕੀਤੀ ਜਾਵੇਗੀ।
– Estaremos de volta em breve, se Deus quiser. O Brasil é nosso! 🇧🇷 pic.twitter.com/3ohUwHBEHG
— Jair M. Bolsonaro (@jairbolsonaro) July 14, 2021
ਬੋਲਸੋਨਾਰੋ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਹਸਪਤਾਲ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈੱਡ ‘ਤੇ ਲੇਟੇ ਹੋਏ ਨਜ਼ਰ ਆ ਰਹੇ ਹਨ।