ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 21ਵੇਂ ਸ਼ਬਦ ਦੀ ਵਿਚਾਰ – Shabad Vichaar -21
‘ਮਾਈ ਮਨੁ ਮੇਰੋ ਬਸਿ ਨਾਹਿ’ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖਾ ਜੀਵਨ ਦੀ ਕਹਾਣੀ ਮਨ ‘ਤੇ ਹੀ ਖੜੀ ਹੈ ਜੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਤਾਂ ਇਸ ਕਹਾਣੀ ਦਾ ਅੰਤ ਸੁਹਾਵਾਂ ਭਾਵ ਸੋਹਣਾ ਹੋਵੇਗਾ ਨਹੀਂ ਤਾਂ ਦੁਖਦ ਹੀ ਰਹੇਗਾ। ਮਨ ਬਹੁਤ ਚੰਚਲ ਹੈ ਤੇ ਬਹੁਤ ਬਲਵਾਨ ਵੀ ਹੈ ਇਹ ਬਹੁਤ ਹੀ ਸਰਤਲਤਾ ਦੇ ਨਾਲ ਆਪਣੇ ਪਿੱਛੇ ਲਾ ਲੈਂਦਾ ਹੈ। ਇਸ ਨੂੰ ਵਸ ਕਰਨਾ ਬਹੁਤ ਔਖਾ ਕਾਰਜ ਹੈ ਪਰ ਗੁਰਬਾਣੀ ਇਸ ਨੂੰ ਵਸ ਵਿੱਚ ਕਰਨ ਦੇ ਬਹੁਤ ਹੀ ਅਸਾਨ ਤਰੀਕੇ ਸਾਨੂੰ ਦਰਸਾਉਂਦੀ ਹੈ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ ਸੰਦਰਭ ਵਿੱਚ ਸਾਡਾ ਮਾਰਗ ਰੋਸ਼ਨ ਕਰਨ ਕਰਦੀ ਹੈ।
ਅੱਜ ਅਸੀਂ ਮਾਈ ਮਨੁ ਮੇਰੋ ਬਸਿ ਨਾਹਿ ॥ ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ॥ ਸ਼ਬਦ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 632 ‘ਤੇ ਅੰਕਿਤ ਹੈ ਜੋ ਕਿ ਸੋਰਠਿ ਰਾਗ ਅਧੀਨ ਦਰਜ ਹੈ। ਸੋਰਠਿ ਰਾਗ ਅਧੀਨ ਨੌਵੇਂ ਗੁਰੂ ਜੀ ਦਾ ਇਹ ਸੱਤਵਾਂ ਅਤੇ ਕੁੱਲ ਬਾਣੀ ਦਾ 21ਵਾਂ ਸ਼ਬਦ ਹੈ। ਨੌਵੇਂ ਪਾਤਾਸ਼ਾਹ ਇਸ ਸ਼ਬਦ ਵਿੱਚ ਪਦਾਰਥਾਂ ਵਿੱਚ ਗਲਤਾਨ ਮਨੁੱਖ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ:
ਸੋਰਠਿ ਮਹਲਾ ੯ ॥ ਮਾਈ ਮਨੁ ਮੇਰੋ ਬਸਿ ਨਾਹਿ॥ ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
ਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ। ਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ?।੧।ਰਹਾਉ।
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
ਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ। ਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ।੧।
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
ਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ। ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ।੨।
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥
ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ। ਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੩।੭।
ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਕਤ ਸ਼ਬਦ ਵਿੱਚ ਰਾਤ ਦਿਨ ਪਦਾਰਥਾਂ ਵਿੱਚ ਗਲਤਾਨ ਮਨ, ਪਰਾਏ ਧਨ ਅਤੇ ਪਰਾਈ ਇਸਤਰੀ ਦੇ ਮੋਹ ਵਿੱਚ ਮਸਤ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ ਕਿ ਉਸ ਆਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਜੋ ਸਾਰੇ ਸੁੱਖਾਂ ਦਾ ਦਾਤਾ ਹੈ ਜਿਸ ਦੇ ਸਿਮਰਨ ਨਾਲ ਜਮ ਦੀ ਫਾਹੀ ਕੱਟੀ ਜਾਂਦੀ ਹੈ। ਵਾਹਿਗੁਰੂ ਦੇ ਨਾਮ ਨਾਲ ਇਸ ਬਲਵਾਨ ਮਨ ਨੂੰ ਬਹੁਤ ਹੀ ਅਸਾਨੀ ਨਾਲ ਵਸ ਵਿੱਚ ਕੀਤਾ ਜਾ ਸਕਦਾ ਹੈ। ਸਾਰੇ ਸੁੱਖਾਂ ਦੇ ਮਾਲਕ ਪ੍ਰਭੂ ਦੇ ਸਿਮਰਨ ਨਾਲ ਮਨ ਨੂੰ ਅਜਿਹਾ ਸਕੂਨ ਮਿਲਦਾ ਹੈ ਕਿ ਉਹ ਭਟਕਣਾਂ ਵਿੱਚ ਪੈਂਦਾ ਹੀ ਨਹੀਂ।
ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 22ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਵਿਚਾਰ ਲਈ ਆਧਾਰ ਸਰੋਤ ਪ੍ਰੋਫ਼ੈਸਰ ਸਾਹਿਬ ਸਿੰਘ ਦੁਆਰਾ ਕੀਤੇ ਗੁਰਬਾਣੀ ਦੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥