ਮੁੰਬਈ: ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਮੁਸੀਬਤ ‘ਚ ਨਜ਼ਰ ਆ ਰਹੀ ਹੈ।ਕਰੀਨਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੀਤੇ ਦਿਨ੍ਹੀ ਕਰੀਨਾ ਕਪੂਰ ਨੇ ਆਪਣੀ ਗਰਭ ਅਵਸਥਾ ਦੇ ਤਜਰਬਿਆਂ ਬਾਰੇ ਦੱਸਣ ਲਈ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ਲਾਂਚ ਕੀਤੀ ਸੀ । ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ‘ਚ ਨਾਰਾਜ਼ਗੀ ਹੈ।
ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਕੇਸ ਮਹਾਰਾਸ਼ਟਰ ਦੇ ਬੀਡ ਖੇਤਰ ਦਾ ਹੈ। ਅਲਫ਼ਾ ਓਮੇਗਾ ਕ੍ਰਿਸ਼ਚਨ ਫੈਡਰੇਸ਼ਨ ਦੇ ਪ੍ਰਧਾਨ ਅਸ਼ੀਸ਼ ਸ਼ਿੰਦੇ ਵਲੋਂ ਕਰੀਨਾ ਅਤੇ ਦੋ ਹੋਰਨਾਂ ਖਿਲਾਫ ਬੀਡ ਦੇ ਸ਼ਿਵਾਜੀ ਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿੰਦੇ ਦਾ ਕਹਿਣਾ ਹੈ ਕਿ ਪਵਿੱਤਰ ਨਾਂ ‘ਬਾਈਬਲ’ ਕਿਤਾਬ ਦੇ ਸਿਰਲੇਖ ‘ਚ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿੰਦੇ ਨੇ ਆਈ. ਪੀ. ਸੀ. ਦੀ ਧਾਰਾ 295-ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ ਸਾਇਨਾਥ ਥੋਂਬਰੇ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਰਿਪੋਰਟ ਦਾਇਰ ਨਹੀਂ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਇਥੇ ਨਹੀਂ ਵਾਪਰੀ ਹੈ, ਇਸ ਲਈ ਇਥੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਮੈਂ ਉਸ ਨੂੰ ਮੁੰਬਈ ‘ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ।
ਬੇਬੋ ਦੀ ਕਿਤਾਬ ਹਾਲ ‘ਚ ਪਬਲਿਸ਼ ਹੋਈ ਹੈ। ਇਸ ਬੁੱਕ ‘ਚ ਉਨ੍ਹਾਂ ਨੇ ਆਪਣੀ Pregnancy ਦੌਰਾਨ ਅਨੁਭਵਾਂ ਨੂੰ ਸ਼ੇਅਰ ਕੀਤਾ ਹੈ। ਜਿਸ ਦਾ ਟਾਈਟਲ Kareena Kapoor Khan Pregnancy Bible ਹੈ।