ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਕਰੀਬੀ ਰਾਜਨੀਤਿਕ ਸਹਿਯੋਗੀ, ਏਰਿਕ ਗ੍ਰੈਸੇਟੀ ਨੂੰ ਭਾਰਤ ਵਿੱਚ ਰਾਜਦੂਤ ਲਈ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ।
50 ਸਾਲਾ ਗ੍ਰੈਸੇਟੀ ਇਸ ਸਮੇਂ ਲਾਸ ਏਂਜਲਸ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ। ਗ੍ਰੈਸੇਟੀ ਨੇ ਨਵੀਂ ਭੂਮਿਕਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਕਿਹਾ, “ਮੈਨੂੰ ਇਸ ਨਵੀਂ ਭੂਮਿਕਾ ਵਿਚ ਸੇਵਾ ਨਿਭਾਉਣ ਲਈ ਨਾਮਜ਼ਦ ਕਰਨ ਲਈ ਸ਼ੁਕਰੀਆ ਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।”
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਤਿੰਨ ਹੋਰ ਰਾਜਦੂਤਾਂ ਦੇ ਨਾਲ ਨਾਮਜ਼ਦਗੀ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਨੇ ਕਿਹਾ ਕਿ ਏਰਿਕ ਗ੍ਰੈਸੇਟੀ 2013 ਤੋਂ ਲਾਸ ਏਂਜਲਸ ਸ਼ਹਿਰ ਦੇ ਮੇਅਰ ਰਹੇ ਹਨ। ਇਸ ਦੇ ਇਲਾਵਾ ਉਹ 12 ਸਾਲ ਨਗਰ ਪਰਿਸ਼ਦ ਦੇ ਮੈਂਬਰ ਅਤੇ ਪਰਿਸ਼ਦ ਪ੍ਰਧਾਨ ਵੀ ਰਹੇ ਹਨ। ਬਾਇਡਨ ਨੇ ਡੈਨਿਸ ਕੈਂਪਬੇਲ ਬਾਊਰ ਨੂੰ ਮੋਨਾਕੋ ਲਈ ਦੂਤ, ਪੀਟਰ ਡੀ ਹਾਸ ਨੂੰ ਬੰਗਲਾਦੇਸ਼ ਲਈ ਅਤੇ ਬਰਨਾਡੇਟ ਐਮ. ਮੀਹਾਨ ਨੂੰ ਚਿਲੀ ਲਈ ਡਿਪਲੋਮੈਟ ਵਜੋਂ ਨਾਮਜ਼ਦ ਕੀਤਾ।