ਖ਼ਬਰ ਟਿਕਰੀ ਬਾਰਡਰ ਤੋਂ : ਕਿਸਾਨਾਂ ਨੇ ਸਿਰਾਂ ‘ਤੇ ਗੈਸ ਸਿਲੰਡਰ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਲੋਕਾਂ ਨੇ ਕੀਤੀ ਹਮਾਇਤ

TeamGlobalPunjab
4 Min Read

ਟਿਕਰੀ ਬਾਰਡਰ ਤੋਂ ਖ਼ਾਸ ਰਿਪੋਰਟ:-

ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਵੱਖ-ਵੱਖ ਸੂਬਿਆਂ ਵਿੱਚ ਪ੍ਰਦਰਸ਼ਨ ਕੀਤਾ। ਟਿਕਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੇ ਹਾਰਨ ਵਜਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਆਪਣੇ ਵਾਹਨਾਂ ਨੂੰ ਲੈ ਕੇ ਬਹਾਦਰਗੜ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ ਪਹੁੰਚੇ ਅਤੇ ਲਗਭਗ ਦੋ ਘੰਟਿਆਂ ਤੱਕ ਧਰਨਾ ਦਿੱਤਾ। ਇੰਨਾ ਹੀ ਨਹੀਂ, ਦੁਪਹਿਰ ​​12 ਵਜੇ ਕਿਸਾਨਾਂ ਨੇ ਕਰੀਬ 8 ਮਿੰਟ ਤੱਕ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।

ਕਿਸਾਨਾਂ ਨੇ ਸਿਰ ‘ਤੇ ਸਿਲੰਡਰ ਰੱਖ ਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ (ਵੀਡੀਓ)

 

ਇਸ ਪ੍ਰਦਰਸ਼ਨ ਵਿੱਚ ਬਹੁਤ ਸਾਰੇ ਕਿਸਾਨ ਆਪਣੇ ਟਰੈਕਟਰਾਂ ‘ਤੇ ਐਲ.ਪੀ.ਜੀ. ਸਿਲੰਡਰ ਲੈ ਕੇ ਆਏ ਸਨ। ਬਹਾਦਰਗੜ੍ਹ ਵਿੱਚ ਮਿੰਨੀ ਸਕੱਤਰੇਤ ਦੇ ਬਾਹਰ, ਉਨ੍ਹਾਂ ਟਰੈਕਟਰਾਂ, ਵਾਹਨਾਂ ਦੇ ਹਾਰਨ ਤਾਂ ਵਜਾਏ ਹੀ, ਇਸਦੇ ਨਾਲ ਹੀ ਅਤੇ ਗੈਸ ਸਿਲੰਡਰਾਂ ਤੇ ਲੱਕੜ ਦੇ ਡੰਡਿਆਂ ਨਾਲ ਢੋਲਕੀ ਦੀ ਤਰ੍ਹਾਂ ਸੰਗੀਤ ਵਜਾਇਆ। ਕਿਸਾਨਾਂ ਦੇ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਿਰਕਤ ਕੀਤੀ।

ਕਿਸਾਨਾਂ ਨੇ ਹਾਰਨ ਵਜਾ ਕੇ, ਸਿਲੰਡਰ ਖੜਕਾ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੀਤੀ ਕੋਸ਼ਿਸ਼ (ਵੀਡੀਓ)

 

 

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਡੀਜ਼ਲ ਅਤੇ ਪੈਟਰੋਲ ਤੋਂ ਇਲਾਵਾ, ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਮਹਿੰਗਾਈ ਦੀ ਵੱਡੀ ਮਾਰ ਆਮ ਲੋਕਾਂ ਨੂੰ ਪਾਈ ਹੈ। ਇਸ ਮਹਿੰਗਾਈ ਕਾਰਨ ਆਮ ਆਦਮੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਸਰਕਾਰ ਨੂੰ ਜਗਾਉਣ ਲਈ, ਸਿਰਫ ਕਿਸਾਨ ਹੀ ਨਹੀਂ, ਆਮ ਲੋਕ ਵੀ ਸੜਕ ਦੇ ਕਿਨਾਰੇ ਆਪਣੇ ਵਾਹਨ ਰੋਕ ਕੇ ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਦਿਖਾਈ ਦਿੱਤੇ ।  ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਥਾਲੀ ਅਤੇ ਤਾਲੀ ਵਜਾਉਣ ਦਾ ਢੋਂਗ ਕੀਤਾ ਸੀ, ਪਰ ਹੁਣ ਕਿਸਾਨ ਬਹਿਰੀ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਨ ਕਿ ਜਾਂ ਤਾਂ ਜਾਗ ਜਾਓ ਜਾਂ ਕੁਰਸੀ ਛੱਡ ਦਿਓ।

ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 159 ਡਾਲਰ ਪ੍ਰਤੀ ਬੈਰਲ ਸੀ, ਦੇਸ਼ ਵਿਚ ਪੈਟਰੋਲ ਦੀ ਕੀਮਤ ਬਹੁਤ ਘੱਟ ਸੀ। ਪਰ ਹੁਣ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ, ਦੇਸ਼ ਵਿਚ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ।

ਵੱਡੀ ਗਿਣਤੀ ਮਹਿਲਾਵਾਂ ਨੇ ਕੀਤੀ ਸ਼ਿਰਕਤ (ਵੀਡੀਓ)

ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਰੋਜ਼ ਦੀਆਂ ਚੀਜ਼ਾਂ ਦੇ ਭਾਅ ਵਧਾ ਕੇ, ਆਮ ਲੋਕਾਂ ਉੱਤੇ ਟੈਕਸ ਲਗਾ ਕੇ ਪਹਿਲਾਂ ਤੋਂ ਹੀ ਦੁਖੀ ਜਨਤਾ ਨੂੰ ਹੋਰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਕਿਉਂਕਿ ਕੋਰੋਨਾ ਮਹਾਮਾਰੀ ਨੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਲਾਂ ਵਿਚ ਵਾਧਾ ਕੀਤਾ ਹੈ, ਅਜਿਹੇ ਸਮੇਂ ਲੋਕਾਂ ਨੂੰ ਸਰਕਾਰ ਤੋਂ ਵੱਡੀ ਰਾਹਤ ਦੀ ਉਮੀਦ ਹੈ, ਪਰ ਸਰਕਾਰ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।

ਸਭ ਤੋਂ ਖਾਸ ਗੱਲ ਇਹ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹੋਏ ਪ੍ਰਦਰਸ਼ਨਾਂ ਦੌਰਾਨ ਆਮ ਲੋਕਾਂ ਨੇ ਇਸ ਦੀ ਵਧ-ਚੜ੍ਹ ਕੇ ਹਮਾਇਤ ਕੀਤੀ।

Share This Article
Leave a Comment