ਨਿਊਜ਼ ਡੈਸਕ : ਕੋਰੋਨਾ ਸੰਕਟ ਵਿਚਾਲੇ ਮਹਿੰਗਾਈ ਨਵੇਂ ਸਿਖਰਾਂ ਨੂੰ ਛੂਹ ਰਹੀ ਹੈ। ਘੀ-ਤੇਲ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ 50 ਤੋਂ 70 ਫੀਸਦੀ ਤੱਕ ਵਧ ਚੁੱਕੇ ਹਨ। ਜਨਤਾ ਸਰਕਾਰ ਤੋਂ ਕੁਝ ਰਾਹਤ ਦੀ ਉਮੀਦ ਕਰ ਰਹੀ ਸੀ ਕਿ ਘਰੇਲੂ ਅਤੇ ਵਪਾਰਕ ਗੈਸ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਕੀਤੇ ਗਏ ਵਾਧੇ ਨੇ ਲੋਕਾਂ ਦਾ ਪਾਰਾ ਸੱਤਵੇਂ ਅਸਮਾਨ ਤੇ ਪਹੁੰਚਾ ਦਿੱਤਾ ਹੈ। ਆਮ ਲੋਕ ਕੇਂਦਰ ਸਰਕਾਰ ਨੂੰ ਜੰਮ ਕੇ ਲਾਹਣਤਾਂ ਪਾ ਰਹੇ ਹਨ।
ਜੁਲਾਈ ਮਹੀਨੇ ਦੇ ਪਹਿਲੇ ਦਿਨ ਹੀ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਘਰੇਲੂ ਗੈਸ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਹੋਏ ਵਾਧੇ ਨਾਲ ਘਰੇਲੂ ਗੈਸ ਸਿਲੰਡਰ 25.50 ਰੁਪਏ ਹੋਰ ਮਹਿੰਗਾ ਹੋ ਗਿਆ ਹੈ, ਉਥੇ ਹੀ ਵਪਾਰਕ ਸਿਲੰਡਰ ਦੀ ਕੀਮਤ ਵਿਚ 84 ਰੁਪਏ ਦਾ ਵਾਧਾ ਹੋਇਆ ਹੈ। ਪਟਿਆਲਾ ਵਿੱਚ ਘਰੇਲੂ ਗੈਸ ਸਿਲੰਡਰ 860 ਰੁਪਏ ਦੀ ਕੀਮਤ ਨਾਲ ਡਿਲਿਵਰ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ 1 ਜੂਨ ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਸੀ। ਪਰ 19 ਕਿੱਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 122 ਰੁਪਏ ਘਟਾਈ ਸੀ, ਜਿਸ ਨਾਲ ਇਸ ਦੀ ਕੀਮਤ 1488.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਸੀ।
ਇਸੇ ਤਰ੍ਹਾਂ 1 ਮਈ ਨੂੰ ਗੈਸ ਕੰਪਨੀਆਂ ਨੇ ਵਪਾਰਕ ਵਰਤੋਂ ਵਿਚ ਆਉਣ ਵਾਲੇ 19 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ਵਿਚ 45 ਰੁਪਏ ਦੀ ਕਟੌਤੀ ਕੀਤੀ ਸੀ। ਜਿਸ ਕਾਰਨ ਇਸ ਦੀਆਂ ਕੀਮਤਾਂ ਘੱਟ ਕੇ 1610.50 ਰੁਪਏ ‘ਤੇ ਆ ਗਈਆਂ ਸਨ।
ਸਭ ਤੋਂ ਵੱਡਾ ਝਟਕਾ ਆਮ ਲੋਕਾਂ ਨੂੰ ਮਿਲਿਆ ਹੈ ਕਿਉਂਕਿ ਫਰਵਰੀ ਮਹੀਨੇ ਤੋਂ ਹੁਣ ਤੱਕ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕਰੀਬ 250 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ ਮਤਲਬ ਕਰੀਬ 33% ਵਾਧਾ।
ਫਰਵਰੀ ਵਿਚ, ਐਲਪੀਜੀ ਦੀਆਂ ਕੀਮਤਾਂ ਵਿਚ ਤਿੰਨ ਵਾਰ ਸੋਧ ਕੀਤੀ ਗਈ – 4 ਫਰਵਰੀ ਨੂੰ ਪ੍ਰਤੀ ਸਿਲੰਡਰ 25 ਰੁਪਏ ਦਾ ਵਾਧਾ, 15 ਫਰਵਰੀ ਨੂੰ ਪ੍ਰਤੀ ਸਿਲੰਡਰ 50 ਰੁਪਏ ਅਤੇ 25 ਫਰਵਰੀ ਨੂੰ ਇਕ ਵਾਰ ਫਿਰ ਤੋਂ 25 ਰੁਪਏ ਵਧਾਏ ਗਏ ਸਨ।
ਮਾਰਚ ਮਹੀਨੇ ਵਿੱਚ ਫਿਰ ਦੁਬਾਰਾ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ।
ਅਪ੍ਰੈਲ ਵਿੱਚ, ਰਸੋਈ ਗੈਸ ਦੀ ਕੀਮਤ ਵਿੱਚ ਇੱਕੋ ਵਾਰ ‘ਚ 125 ਰੁਪਏ ਦਾ ਵਾਧਾ ਹੋਇਆ ਸੀ ।
ਪੈਟਰੋਲ-ਡੀਜ਼ਲ, ਘਰੇਲੂ ਅਤੇ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਕੋਰੋਨਾ ਸੰਕਟ ਵਿਚ ਸਰਕਾਰ ਤੋਂ ਕੁਝ ਰਾਹਤ ਦੀ ਉਮੀਦ ਕਰ ਰਹੇ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਨਾਂ ਨੇ ਮੋਦੀ ਸਰਕਾਰ ਨੂੰ ਦੁਬਾਰਾ ਚੁਣ ਕੇ ਗਲਤੀ ਕੀਤੀ ਹੈ ਜਾਂ ਕਿਸੇ ਅਣਕੀਤੇ ਗੁਨਾਹ ਲਈ ਉਨ੍ਹਾਂ ਨੂੰ ਸਜ਼ਾ ਮਿਲ ਰਹੀ ਹੈ।
ਸਿਰਫ ਗੈਸ, ਪੈਟਰੋਲ ਅਤੇ ਡੀਜ਼ਲ ਹੀ ਨਹੀਂ ਘੀ-ਤੇਲ ਦੀਆਂ ਕੀਮਤਾਂ ਵੀ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ ‘ਤੇ ਹਨ। ਪਿਛਲੇ ਸਾਲ ਜੂਨ ਮਹੀਨੇ ਵਿੱਚ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਇੱਕ ਲੀਟਰ ਰਿਫਾਇੰਡ ਘੀ ਦੇ ਪੈਕੇਟ ਦੀ ਕੀਮਤ 95 ਰੁਪਏ ਤੋਂ 102 ਰੁਪਏ ਵਿਚਕਾਰ ਸੀ, ਉਹੀ ਰਿਫਾਇੰਡ ਘੀ ਅੱਜ 172 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਗੱਲ ਸਰੋਂ ਦੇ ਤੇਲ ਦੀ ਕਰੀਏ ਤਾਂ ਇਸ ਦੀਆਂ ਕੀਮਤਾਂ ਵਿਚ ਵੀ ਪਿਛਲੇ ਇਕ ਸਾਲ ਦੌਰਾਨ 70 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 1 ਲੀਟਰ ਸਰੋਂ ਦਾ ਤੇਲ 98 ਤੋਂ 105 ਰੁਪਏ ਕੀਮਤ ਤੇ ਉਪਲਬਧ ਸੀ, ਜਿਹੜਾ ਅੱਜ ਕਰੀਬ 175 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਹ ਗੱਲ ਸਮਝ ਤੋਂ ਪਰੇ ਹੈ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਲੱਖਾਂ ਕਰੋੜਾਂ ਦੇ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਗਿਆ ਹੈ, ਉਹ ਰਾਸ਼ੀ ਕਦੋਂ ਅਤੇ ਕਿਹੜੇ ਲੋਕਾਂ ਤੇ ਖ਼ਰਚੀ ਜਾਣੀ ਹੈ, ਇਹ ਸਸਪੈਂਸ ਹੈ। ਕਿਉਂਕਿ ਕੋਰੋਨਾਕਾਲ ਵਿੱਚ ਆਮ ਲੋਕਾਂ ਦੀਆਂ ਮੁਸੀਬਤਾਂ ਵਧੀਆਂ ਹਨ ਘਟੀਆਂ ਨਹੀਂ। ਸਰਕਾਰ ਬੱਸ ਤਮਾਸ਼ਬੀਨ ਬਣੀ ਸਭ ਕੁਝ ਦੇਖ ਰਹੀ ਹੈ। ਮਹਿੰਗਾਈ ਦੀ ਸਭ ਤੋਂ ਵੱਧ ਮਾਰ ਆਮ ਲੋਕਾਂ ਤੇ ਪਹਿਲਾਂ ਵੀ ਪੈਂਦੀ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਪੈ ਰਹੀ ਹੈ। ਸਰਕਾਰ ਲੋਕਾਂ ਲਈ ਰਾਹਤ ਦੇ ਸਿਰਫ ਵੱਡੇ ਵੱਡੇ ਐਲਾਨ ਕਰ ਰਹੀ ਹੈ ਜਾਂ ਅੰਕੜਿਆਂ ਦੀ ਖੇਡ ਵਿੱਚ ਆਮ ਲੋਕਾਂ ਨੂੰ ਉਲਝਾ ਰਹੀ ਹੈ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ।