ਲੰਦਨ : ਕੋਰੋਨਾ ਵੈਕਸੀਨ ਦੀ ਹੁਣ ਤੱਕ ਪਹਿਲੀ ਅਤੇ ਦੂਜੀ ਡੋਜ਼ ਨਾਲ ਇਮਿਊਨਿਟੀ ਵਧਣ ਦੇ ਵੱਖ-ਵੱਖ ਦਾਅਵੇ ਤਾਂ ਸਾਹਮਣੇ ਆ ਹੀ ਰਹੇ ਸਨ, ਹੁਣ ਤੀਜੀ ਖੁਰਾਕ ਦੇਣ ‘ਤੇ ਉਸ ਦੇ ਨਤੀਜੇ ਦੇਖਣ ‘ਚ ਵੀ ਵਿਗਿਆਨੀ ਲੱਗ ਗਏ ਹਨ। Astrazeneca ਦੀ Covisheild ਵੈਕਸੀਨ ਦੀ ਤੀਜੀ ਖੁਰਾਕ ਦਾ ਅਜਿਹਾ ਹੀ ਟਰਾਇਲ ਕੀਤਾ ਗਿਆ। ਦੂਜੀ ਖੁਰਾਕ ਦੇ ਲਗਭਗ 6 ਮਹੀਨੇ ਬਾਅਦ ਇਹ ਖੁਰਾਕ ਦਿੱਤੀ ਗਈ। ਇਸ ਨਾਲ ਇਮਿਊਨਿਟੀ ਵਿੱਚ ਜ਼ਬਰਦਸਤ ਵਾਧਾ ਵੇਖਿਆ ਗਿਆ।
ਆਕਸਫੋਰਡ ਯੂਨੀਵਰਸਿਟੀ ਦੀ ਖੋਜ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਤੇ ਦੂਜੀ ਖੁਰਾਕ ਦੇ ਵਿਚਾਲੇ ਵੀ 45 ਹਫਤਿਆਂ ਤੱਕ ਦਾ ਅੰਤਰ ਹੋਣ ਨਾਲ ਵੀ ਕੋਰੋਨਾ ਵਾਇਰਸ ਦੇ ਖਿਲਾਫ ਇਮਿਊਨਿਟੀ ‘ਚ ਵਾਧਾ ਹੁੰਦਾ ਹੈ।
ਖੋਜ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੂਜੀ ਅਤੇ ਤੀਜੀ ਡੋਜ਼ ਵਿਚਾਲੇ ਵੀ ਸਮੇਂ ਦਾ ਅੰਤਰ ਜ਼ਿਆਦਾ ਰਹਿੰਦਾ ਹੈ ਤਾਂ ਇਸ ਦਾ ਇਮਿਊਨਿਟੀ ‘ਤੇ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ। ਦੂਜੀ ਡੋਜ਼ ਲੈਣ ਦੇ 6 ਮਹੀਨੇ ਬਾਅਦ ਜੇਕਰ ਤੀਜੀ ਖੁਰਾਕ ਦਿੱਤੀ ਜਾਵੇ ਤਾਂ ਐਂਟੀਟੀਬਾਡੀ ਵਿੱਚ ਕਾਫ਼ੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਦਾ ਹੈ ਅਤੇ ਵਾਇਰਸ ਲਈ ਇਮਿਊਨ ਰਿਸਪਾਂਸ ਵਿੱਚ ਮਜਬੂਤ ਪ੍ਰਤੀਕਿਰਿਆ ਦੇਖਣ ਨੂੰ ਮਿਲਦੀ ਹੈ, ਹਾਲਾਂਕਿ ਇਸ ਖੋਜ ਦਾ ਹਾਲੇ ਪੀਅਰ ਰਿਵਿਊ ਹੋਣਾ ਬਾਕੀ ਹੈ।
ਇਹ ਖਬਰ ਉਨ੍ਹਾਂ ਦੇਸ਼ਾਂ ਲਈ ਉਮੀਦ ਵਧਾਉਣ ਵਾਲੀ ਹੈ, ਜਿੱਥੇ ਵੈਕਸੀਨ ਦੀ ਪੂਰਤੀ ਨਹੀਂ ਹੋ ਰਹੀ ਹੈ ਅਤੇ ਕੋਵਿਡ ਟੀਕੇ ਦੀਆਂ ਦੋ ਖੁਰਾਕਾਂ ਵਿਚਾਲੇ ਸਮਾਂ ਵਧਾਉਣ ਨਾਲ ਇਮਿਊਨਿਟੀ ਕਮਜ਼ੋਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।