-ਅਵਤਾਰ ਸਿੰਘ;
ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਤੋਂ ਉੱਚ ਪੱਧਰੀ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਹਾਲਾਂਕਿ ਸੂਬੇ ਵਿੱਚ ਇਸ ਦੀ ਆਪਣੀ ਸਰਕਾਰ ਹੈ ਅਤੇ ਇਸ ਦੇ ਸਾਰੇ ਮੰਤਰੀ ਸੰਤਰੀ ਆਪਣੀਆਂ ਕੁਰਸੀਆਂ ਦਾ ਸੁਖ ਵੀ ਭੋਗ ਰਹੇ ਹਨ। ਸਿਆਸਤ ਵਿੱਚ ਇਹ ਮੰਨਿਆ ਜਾਂਦਾ ਕਿ ਜੇ ਤੁਹਾਡੇ ਆਪਣੇ ਹੀ ਆਪਣਿਆਂ ਦੀ ਆਲੋਚਨਾ ਕਰਨ ਦੇ ਰਾਹ ਚੱਲ ਪੈਣ ਫੇਰ ਤਾਂ ਬੇੜੀ ਵਿੱਚ ਸਵਾਰ ਸਾਰੇ ਹੀ ਡੁਬਦੇ ਹਨ।
ਅੱਜ ਕੱਲ੍ਹ ਪੰਜਾਬ ਕਾਂਗਰਸ ਵਿੱਚ ਅਜਿਹਾ ਹੀ ਕੁਝ ਵਾਪਰ ਰਿਹਾ ਹੈ। ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਈ ਮੰਤਰੀਆਂ ਅਤੇ ਵਿਧਾਇਕਾਂ ਉਪਰ ਸਿਆਸੀ ਤਲਵਾਰਾਂ ਮਿਆਨ ਤੋਂ ਬਾਹਰ ਕੱਢੀਆਂ ਹੋਈਆਂ ਹਨ। ਇਸੇ ਤਰ੍ਹਾਂ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੇ ਹੀ ਮੁੱਖ ਮੰਤਰੀ ਵਿਰੁੱਧ ਜੇਹਾਦ ਛੇੜਿਆ ਹੋਇਆ ਹੈ।
ਇਸ ਮਾਹੌਲ ਵਿੱਚ ਕਾਂਗਰਸ ਦੇ ਵਿਰੋਧੀਆਂ ਨੂੰ ਕਾਫੀ ਰਾਹਤ ਮਿਲ ਗਈ ਕਿਉਂਕਿ ਜੋ ਕੰਮ ਉਨ੍ਹਾਂ ਨੇ ਕਰਨਾ ਸੀ ਉਹ ਕਾਂਗਰਸ ਦੇ ਆਪਣੇ ਹੀ ਕਰ ਰਹੇ ਹਨ। ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆ ਸ਼ੁਰੂ ਹੋਣਗੀਆਂ ਕਈਆਂ ਦੇ ਆਪਣੀ ਪਾਰਟੀ ਵਿੱਚ ਦਮ ਘੁਟਣ ਦੇ ਬਿਆਨ ਵੀ ਪੜ੍ਹਨ/ਸੁਣਨ ਨੂੰ ਮਿਲਣਗੇ। ਸਿਆਸਤ ਵਿੱਚ ਸ਼ਾਇਦ ਉਸ ਨੂੰ ‘ਪੱਕਾ’ ਨਹੀਂ ਸਮਝਿਆ ਜਾਂਦਾ ਜਿਸ ਨੇ ਦੋ ਤਿੰਨ ਪਾਰਟੀਆਂ ਨਾ ਬਦਲੀਆਂ ਹੋਣ। ਬੀਤੇ ਐਤਵਾਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਮੀਡੀਆ ਦੀ ਸੁਰਖੀ ਬਣੀਆਂ ਹੋਈਆਂ ਹਨ।
ਮਾਝੇ ਦੇ ਬਟਾਲਾ ਤੋਂ ਤਿੰਨ ਵਾਰ ਐਮ ਐਲ ਏ ਰਹੇ ਅਸ਼ਵਨੀ ਸੇਖੜੀ ਦੇ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸੋਮਵਾਰ ਨੂੰ ਜਾਣ ਦੀ ਚਰਚਾ ਚੈਨਲਾਂ ਅਤੇ ਸੋਸ਼ਲ ਮੀਡੀਆ ਉਪਰ ਚੱਲ ਰਹੀ ਸੀ। ਸ਼੍ਰੋਮਣੀ ਅਕਾਲੀ ਦਲ ਕਾਫੀ ਸਮੇਂ ਤੋਂ ਇਸ ਕੋਸ਼ਿਸ਼ ਵਿੱਚ ਹੈ ਕਿ ਇਸ ਹਲਕੇ ਤੋਂ ਕਿਸੇ ਨਾਮਵਰ ਹਿੰਦੂ ਆਗੂ ਨੂੰ ਟਿਕਟ ਦਿੱਤੀ ਜਾਵੇ।
ਉਧਰ ਰਿਪੋਰਟਾਂ ਮੁਤਾਬਿਕ ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਵੀ ਇਕ ਬਿਆਨ ਦਾਗ ਦਿੱਤਾ ਹੈ ਕਿ ਜੇ ਕਾਂਗਰਸ ਦੇ ਅਸ਼ਵਨੀ ਸੇਖੜੀ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਹੋਵੇਗਾ। ਸਿਆਸੀ ਮਾਹਿਰ ਸੇਖੜੀ ਵੱਲੋਂ ਇਸ ਦਾ ਖੰਡਨ ਨਾ ਕਰਨ ’ਤੇ ਕਈ ਅਰਥ ਕੱਢ ਰਹੇ ਹਨ।
ਬਟਾਲਾ ਹਲਕੇ ’ਚ ਐਤਵਾਰ ਰਾਤ ਤੱਕ ਚਰਚਾ ਚਲਦੀ ਰਹੀ ਕਿ 28 ਜੂਨ ਨੂੰ ਅਸ਼ਵਨੀ ਸੇਖੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੋਂ ਬਾਅਦ ਇਸ ਹਲਕੇ ਤੋਂ ਟਿਕਟ ਮਿਲਣਾ ਤੈਅ ਹੈ।
ਉਧਰ ਰੁਸਿਆਂ ਨੂੰ ਮਨਾਉਣ ਦੀ ਭੂਮਿਕਾ ਨਿਭਾ ਰਹੇ ਕਾਂਗਰਸ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਸੇਖੜੀ ਨਾਲ ਮੀਟਿੰਗ ਕਰਕੇ ਗਿਲੇ-ਸ਼ਿਕਵਿਆਂ ਸਬੰਧੀ ਉਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦੇ ਕੇ ਪਾਰਟੀ ਨਾ ਛੱਡਣ ਲਈ ਕਿਹਾ ਹੈ।
ਗੌਰਤਲਬ ਹੈ ਕਿ ਅਸ਼ਵਨੀ ਸੇਖੜੀ 1985, 2002 ਅਤੇ 2012 ਵਿੱਚ ਬਟਾਲਾ ਤੋਂ ਕਾਂਗਰਸ ਦੇ ਵਿਧਾਇਕ ਰਹੇ। ਉਹ 2002 ਵਿੱਚ ਕਾਂਗਰਸ ਸਰਕਾਰ ਬਣਨ ’ਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਅਸ਼ਵਨੀ ਸੇਖੜੀ ਦੇ ਪਿਤਾ ਮਰਹੂਮ ਵਿਸ਼ਵਾਮਿੱਤਰ ਸੇਖੜੀ ਵੀ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਸਨ।
ਇਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਹੈ ਕਿ ਅਸ਼ਵਨੀ ਸੇਖੜੀ ਦੇ ਸਕੇ ਭਰਾ ਇੰਦਰ ਸੇਖੜੀ 2017 ਦੀਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਕਾਂਗਰਸ ਵਿੱਚ ਮਚੀ ਇਸ ਸਿਆਸੀ ਹਲਚਲ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੌਕਸ ਹੁੰਦਿਆਂ ਇਹ ਬਿਆਨ ਦੇ ਕੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਪਾਰਟੀ ਵਿੱਚ ਹੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੇਖੜੀ ਨਾਲ ਗੱਲਬਾਤ ਕਰਕੇ ਸਾਰੀਆਂ ਚਿੰਤਾਵਾਂ ਦੇ ਹੱਲ ਦਾ ਭਰੋਸਾ ਦੇ ਦਿੱਤਾ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੇਖੜੀ ਪੱਕੇ ਕਾਂਗਰਸੀ ਹਨ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਨਾਲ ਬਿਤਾਇਆ ਅਤੇ ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਸਾਰੀਆਂ ਅਫ਼ਵਾਹਾਂ ਝੂਠੀਆਂ ਹਨ। ਪਰ ਹੁਣ ਇਹ ਤਾਂ ਸਮਾਂ ਹੀ ਦਸੇਗਾ ਕਿ 2022 ਦੀਆਂ ਚੋਣਾਂ ਤੱਕ ਕੌਣ ਕਿਸ ਪਾਰਟੀ ਵਿੱਚ ਆਪਣੀ ਸਿਆਸੀ ਘੁਟਣ ਨੂੰ ਮੁਕਤ ਕਰੇਗਾ?