ਚੰਡੀਗੜ੍ਹ : ਪੰਜਾਬ ਦੇ ਰਾਜਪਾਲ (Governor of Punjab) ਨੂੰ ਮੰਗ ਪੱਤਰ ਦੇਣ ‘ਤੇ ਅੜੇ ਕਿਸਾਨ ਸ਼ਨੀਵਾਰ ਨੂੰ ਮੋਹਾਲੀ ਵਾਲੇ ਪਾਸੇ ਤੋਂ ਮਟੌਰ ਬੈਰੀਅਰ ਵਿਖੇ ਪੁਲਿਸ ਰੋਕਾਂ ਤੋੜ ਕੇ ਟਰੈਕਟਰ-ਟਰਾਲੀਆਂ, ਐਸਯੂਵੀ ਅਤੇ ਖੁੱਲੀ ਜੀਪਾਂ ਰਾਹੀਂ ਚੰਡੀਗੜ੍ਹ ਵਿੱਚ ਦਾਖਲ ਹੋਏ। ਪੁਲਿਸ ਨੇ ਲਾਲ ਕਿਲ੍ਹੇ ਦੀ ਹਿੰਸਾ ਦੇ ਦੋਸ਼ੀ ਲੱਖਾ ਸਿਧਾਣਾ ਸਮੇਤ ਕਈ ਕਿਸਾਨ ਨੇਤਾਵਾਂ ਤੇ ਮੁਕੱਦਮਾ ਦਰਜ ਕੀਤਾ, ਜਿਨ੍ਹਾਂ ਦਾ ਨਾਮ ਚਾਰ ਐਫਆਈਆਰਜ਼ ਵਿੱਚ ਸ਼ਾਮਲ ਹੈ। 17 ਸੈਕਟਰ ਦੇ ਥਾਣੇ ਵਿੱਚ 2, ਇੱਕ ਸੈਕਟਰ 36 ਤੇ ਇੱਕ ਸੈਕਟਰ 3 ਦੇ ਥਾਣੇ ਵਿੱਚ ਲੱਖੇ ਸਿਧਾਣੇ ਖਿਲਾਫ਼ ਪਰਚੇ ਦਰਜ ਕੀਤੇ ਗਏ ਹਨ।
ਲੱਖਾ ਸਿਧਾਣਾ ਨੂੰ 26 ਜੂਨ ਯਾਨੀ ਬੀਤੇ ਕੱਲ੍ਹ ਹੀ ਉਸ ਨੂੰ ਇਸ ਮਾਮਲੇ ‘ਚ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ 3 ਜੁਲਾਈ ਤਕ ਉਸ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਈ ਤੇ ਹੁਣ ਚੰਡੀਗੜ੍ਹ ‘ਚ ਮੁੜ ਐਫਆਈਆਰ ਦਰਜ ਹੋ ਗਈ ਹੈ। ਸ਼ਨੀਵਾਰ ਦੁਪਹਿਰੇ ਕਿਸਾਨਾਂ ਨੇ ਮੋਹਾਲੀ ਦੇ ਵਾਈਪੀਐੱਸ ਚੌਕ ਵੱਲੋਂ ਚੰਡੀਗੜ੍ਹ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪਾਣੀ ਦੀਆਂ ਬੁਛਾਰਾਂ ਨਾਲ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਪਿੱਛੇ ਨਹੀਂ ਹੱਟੇ। ਟ੍ਰੈਕਟਰਾਂ ਨਾਲ ਪੁਲਿਸ ਰੋਕਾਂ ਤੋੜ ਕੇ ਕਿਸਾਨ ਚੰਡੀਗੜ੍ਹ ਦੀ ਹੱਦ ਵਿਚ ਦਾਖ਼ਲ ਹੋ ਗਏ।
ਇਕ ਪੁਲਿਸ ਅਧਿਕਾਰੀ ਨੇ ਕਿਹਾ, ” ਲੱਖਾ ਸਿਧਾਣਾ ਰੋਸ ਪ੍ਰਦਰਸ਼ਨ ਵਾਲੀ ਥਾਂ ‘ਤੇ ਮੌਜੂਦ ਸੀ ਅਤੇ ਬੈਰੀਕੇਡ ਤੋੜ ਕੇ ਆਪਣੇ ਸਮਰਥਕਾਂ ਸਮੇਤ ਚੰਡੀਗੜ੍ਹ ਵਿੱਚ ਦਾਖਲ ਹੋਇਆ।” ਪ੍ਰਦਰਸ਼ਨਕਾਰੀ ਸੈਕਟਰ 17 ਪ੍ਰੈਸ ਲਾਈਟ ਪੁਆਇੰਟ ‘ਤੇ ਰੁਕ ਗਏ ਜਿਥੇ ਉਨ੍ਹਾਂ ਨੇ ਯੂਟੀ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।