ਬਠਿੰਡਾ: ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਘਰ-ਘਰ ਨੌਕਰੀਆਂ ਦੇਣਗੇ। ਜਿਸ ‘ਚ ਉਹ ਅਸਫਲ ਰਹੇ। ਜਿਸ ਤੋਂ ਬਾਅਦ ਸੰਘਰਸ਼ ਕਮੇਟੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਇਕ ਅਨੋਖਾ ਪ੍ਰਦਰਸ਼ਨ ਕੀਤਾ । ਪ੍ਰਦਰਸ਼ਨ ਦੌਰਾਨ ਇਕ ਪ੍ਰਦਰਸ਼ਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭੇਸ ‘ਚ ਦਿਖਾਇਆ ਗਿਆ ਜੋ ਨੌਕਰੀਆਂ ਮੰਗਣ ਵਾਲਿਆਂ ਨੂੰ ਡਾਗਾਂ ਨਾਲ ਮਾਰ ਰਿਹਾ ਹੈ। ਵਿਜੇ ਕੁਮਾਰ ਨੇ ਦੱਸਿਆ ਕਿ ਸੂਬੇ ਦੇ ਲੱਖਾਂ ਨੌਜਵਾਨ ਪੜ੍ਹ ਲਿਖ ਕੇ ਨੌਕਰੀਆਂ ਦੀ ਭਾਲ ਵਿਚ ਦਰ-ਦਰ ਠੋਕਰਾਂ ਖਾ ਰਹੇ ਹਨ ਅਤੇ ਨੌਕਰੀਆਂ ਮੰਗਣ ਵਾਲਿਆਂ ‘ਤੇ ਸਰਕਾਰ ਵੱਲੋਂ ਡਾਗਾਂ ਵਰਸਾਈਆਂ ਜਾ ਰਹੀਆਂ ਹਨ।
ਇਹੀ ਨਹੀਂ ਕੈਪਟਨ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀਆਂ ਵੰਡੀਆਂ, ਜਦਕਿ ਵਾਸਤਵ ‘ਚ ਤਰਸ ਦੇ ਆਧਾਰ ‘ਤੇ ਨੌਕਰੀਆਂ ਮੰਗਣ ਵਾਲਿਆਂ ਦੀ ਸਾਰ ਨਹੀਂ ਲਈ ਜਾ ਰਹੀ । ਉਨ੍ਹਾਂ ਕਿਹਾ ਕਿ ਨੌਕਰੀਆਂ ਨਾ ਮਿਲਣ ਦੇ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਜਾਂ ਨਸ਼ੇ ਵਿਚ ਫਸ ਰਹੇ ਹਨ ਪਰ ਸਰਕਾਰ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ । ਇਸ ਪ੍ਰਦਰਸ਼ਨ ਨਾਲ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਗਿਆ ਹੈ।