-ਸੁਬੇਗ ਸਿੰਘ
ਸਿਆਣੇ ਕਹਿੰਦੇ ਕਿ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ। ਕੋਈ ਨਾ ਕੋਈ ਕੰਮ ਕਰਨਾ ਵੀ ਤਾਂ ਤੰਦੁਰੁਸਤ ਬੰਦੇ ਦੀ ਹੀ ਨਿਸ਼ਾਨੀ ਹੁੰਦੀ ਹੈ।ਵੈਸੇ ਵੀ ਪਰਿਵਾਰਕ ਤੇ ਸਮਾਜਿਕ ਤੌਰਤੇ ਕੰਮ ਕਰਨ ਵਾਲੇ ਬੰਦੇ ਦੀ ਹੀ ਇੱਜਤ ਹੁੰਦੀ ਹੈ। ਵਿਹਲੇ ਤੇ ਕੰਮ-ਚੋਰ ਬੰਦੇ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ।ਭਾਵੇਂ ਕੋਈ ਆਪਣੇ ਮਾਪਿਆਂ ਦਾ ਕਿੰਨਾ ਵੀ ਲਾਡਲਾ ਕਿਉਂ ਨਾ ਹੋਵੇ ਜਾਂ ਫਿਰ ਕਿਸੇ ਕੋਲ ਕਿੰਨੀ ਵੀ ਧਨ ਦੌਲਤ ਕਿਉਂ ਨਾ ਹੋਵੇ। ਪਰ ਫੇਰ ਵੀ ਹਰ ਮਨੁੱਖ ਆਪਣੇ ਮਾਪਿਆਂ ਦੀ ਵਿਰਾਸਤ ਚ ਛੱਡੀ ਹੋਈ ਧਨ ਦੌਲਤ ਨੂੰ ਹੋਰ ਜਿਆਦਾ ਮਾਤਰਾ ਚ ਵਧਾਉਣੀ ਚਾਹੁੰਦਾ ਹੈ। ਅਸਲ ਵਿੱਚ ਹਰ ਮਾਂ ਬਾਪ ਦੀ ਇੱਛਾ ਵੀ ਤਾਂ ਇਹੋ ਹੀ ਹੁੰਦੀ ਹੈ, ਕਿ ਉਨ੍ਹਾਂ ਦੀ ਔਲਾਦ ਕੋਈ ਨਾ ਕੋਈ ਕੰਮ ਕਰੇ ਅਤੇ ਕੁੱਝ ਨਾ ਕੁੱਝ ਧਨ ਦੌਲਤ ਕਮਾਵੇ। ਸਿਆਣੇ ਕਹਿੰਦੇ ਕਿ ਕਿਸੇ ਚੀਜ ਚੋਂ ਲਗਾਤਾਰ ਕੁੱਝ ਨਾ ਕੁੱਝ ਕੱਢੀ ਜਾਣ ਨਾਲ ਤਾਂ ਇੱਕ ਨਾ ਇੱਕ ਦਿਨ ਖੂੰਹਾਂ ਦਾ ਪਾਣੀ ਵੀ ਮੁੱਕ ਜਾਂਦਾ ਹੈ।ਇਸੇ ਤਰ੍ਹਾਂ,ਭਾਵੇਂ ਮਾਪਿਆਂ ਦੀ ਜਿੰਨੀ ਮਰਜੀ ਧਨ ਦੌਲਤ ਕਿਸੇ ਨੂੰ ਵਿਰਾਸਤ ਚ ਮਿਲੀ ਹੋਈ ਹੋਵੇ।ਉਹਦੇ ਵਿਚੋਂ ਲਗਾਤਾਰ ਖਰਚ ਕਰੀ ਜਾਣ ਨਾਲ ਇਹ ਖਜਾਨੇ ਵੀ ਇੱਕ ਦਿਨ ਖਾਲੀ ਹੋ ਜਾਂਦੇ ਹਨ।ਇਸੇ ਲਈ ਤਾਂ ਵਿਹਲੜ ਬੰਦੇ ਨੂੰ ਕੋਈ ਪਸੰਦ ਵੀ ਨਹੀਂ ਕਰਦਾ।
ਕੰਮ ਭਾਵੇਂ ਕੋਈ ਵੀ ਹੋਵੇ, ਕੋਈ ਕੰਮ ਮਾੜਾ ਨਹੀਂ ਹੁੰਦਾ।ਵੈਸੇ ਵੀ ਆਪਣਾ ਪੇਟ ਭਰਨ ਲਈ ਅਤੇ ਆਪਣੇ ਮਾਣ ਸਤਿਕਾਰ ਦੇ ਲਈ ਮਨੁੱਖ ਨੂੰ ਆਪਣੀ ਸਮਰੱਥਾ ਦੇ ਮੁਤਾਬਿਕ ਹੱਥ ਪੱਲਾ ਮਾਰਨਾ ਹੀ ਚਾਹੀਦਾ ਹੈ।ਕਿਉਂਕਿ ਵਿਹਲਾ ਬੈਠਕੇ ਖਾਣ ਵਾਲੀ ਔਲਾਦ ਨੂੰ ਤਾਂ ਮਾਂ ਬਾਪ ਵੀ ਪਸੰਦ ਨਹੀਂ ਕਰਦੇ।ਕਈ ਵਾਰ ਤਾਂ,ਅਜਿਹੀ ਵਿਹਲੜ ਔਲਾਦ ਤੋਂ ਅੱਕੇ ਮਾਂ ਬਾਪ ਉਨ੍ਹਾਂ ਦੀ ਵਿਆਹ ਸ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਇਹ ਕਹਿਕੇ ਆਪਣੇ ਤੋਂ ਅੱਡ ਕਰ ਦਿੰਦੇ ਹਨ,ਕਿ ਹੁਣ ਤੂੰ ਵੱਡਾ ਹੋ ਗਿਆ ਹੈਂ,ਆਪਣਾ ਕਮਾ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਪਾਲ ਲੈ।ਇੱਕ ਛੋਟਾ ਬੱਚਾ ਵੀ ਜਦੋਂ ਥੋੜ੍ਹਾ ਵੱਡਾ ਹੋ ਜਾਂਦਾ ਹੈ,ਤਾਂ ਉਹ ਹਰ ਕੰਮ ਚ ਆਪਣੇ ਮਾਪਿਆਂ ਦਾ ਹੱਥ ਵੰਡਾਉਣ ਲੱਗ ਪੈਂਦਾ ਹੈ।ਆਪਣੇ ਮਾਪਿਆਂ ਦਾ ਹੱਥ ਵੰਡਾਉਣ ਵਾਲੀ ਔਲਾਦ ਹੀ ਮਾਪਿਆਂ ਦੀ ਨਿਗ੍ਹਾ ਚ ਸਾਊ ਤੇ ਨੇਕ ਔਲਾਦ ਕਹਾਉਂਦੀ ਹੈ।ਮਾਪੇ ਵੀ ਅਜਿਹੀ ਔਲਾਦ ਨੂੰ ਪਿਆਰ ਤੇ ਸਤਿਕਾਰ ਦਿੰਦੇ ਹਨ।ਵਿਹਲੀਆਂ ਬੈਠਕੇ ਖਾਣ ਵਾਲੀ ਔਲਾਦ ਨੂੰ ਤਾਂ ਮਾਪੇ ਵੀ ਨਿਖੱਟੂ ਤੇ ਨਿਕੰਮਾ ਕਹਿਕੇ ਨਫਰਤ ਕਰਦੇ ਹਨ।ਇਸੇ ਲਈ ਹਰ ਮਨੁੱਖ ਨੂੰ ਕੋਈ ਨਾ ਕੋਈ ਕੰਮ ਜਰੂਰ ਕਰਨਾ ਚਾਹੀਦਾ ਹੈ।
ਕੰਮ ਭਾਵੇਂ ਕੋਈ ਵੀ ਹੋਵੇ, ਹਰ ਕੰਮ ਚੰਗਾ ਹੀ ਹੁੰਦਾ ਹੈ।ਹਰ ਉਹ ਕੰਮ ਜਿਹੜਾ ਦਸਾਂ ਨਹੁੰਆਂ ਦੀ ਘਾਲਣਾ ਦੇ ਸਦਕਾ ਕੀਤਾ ਗਿਆ ਹੋਵੇ,ਉਹ ਹਮੇਸ਼ਾ ਪਵਿੱਤਰ ਹੀ ਹੁੰਦਾ ਹੈ।ਇਸੇ ਗੱਲ ਨੂੰ ਲੈ ਕੇ ਅਤੇ ਕਿਰਤ ਦੀ ਮਹਾਨਤਾ ਨੂੰ ਦਰਸਾਉਂਦਾ ਹੋਇਆ ਇਹ ਮਹਾਂਵਾਕ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਚ ਦਰਜ ਕੀਤਾ ਹੈ,ਕਿ
ਘਾਲਿ ਖਾਇ,ਕਿਛੁ ਹੱਥੋਂ ਦੇਹਿ।
ਨਾਨਕ ਰਾਹੁ,ਪਛਾਣੈ ਸੇਹਿ।
ਇਹ ਸ਼ਬਦ ਕੰਮ ਦੀ ਮਹਾਨਤਾ ਨੂੰ ਤਾਂ ਦਰਸਾਉਂਦਾ ਹੀ ਹੈ,ਸਗੋਂ ਆਪਣੀ ਕਿਰਤ ਕਮਾਈ ਚੋਂ ਲੋੜਵੰਦਾਂ ਦੀ ਮੱਦਦ ਕਰਨ ਵਾਰੇ ਵੀ ਸਾਨੂੰ ਸੁਚੇਤ ਕਰਦਾ ਹੈ।ਹਰ ਮਨੁੱਖ ਭਾਵੇਂ ਕੋਈ ਖੇਤੀ,ਵਪਾਰ, ਨੌਕਰੀ, ਦੁਕਾਨਦਾਰੀ,ਮਜਦੂਰੀ ਜਾਂ ਫਿਰ ਕੋਈ ਹੋਰ ਕੰਮ ਕਰਦਾ ਹੋਵੇ।ਪ੍ਰਮਾਤਮਾ ਦੀ ਨਿਗ੍ਹਾ ਚ ਸਾਰੇ ਕੰਮ ਹੀ ਮਹਾਨ ਹੁੰਦੇ ਹਨ।ਪਰ ਸ਼ਰਤ ਇਹ ਹੈ,ਕਿ ਕਿਸੇ ਕੰਮ ਚ ਠੱਗੀ ਠੋਰੀ ਜਾਂ ਬੇਈਮਾਨੀ ਨਾ ਹੋਵੇ।
ਪਰ ਸਮੇਂ ਤੇ ਹਾਲਾਤ ਅਨੁਸਾਰ ਜਿਆਦਾਤਰ ਲੋਕ ਨੌਕਰੀ ਕਰਕੇ ਖੁਸ਼ ਹੁੰਦੇ ਹਨ।ਅਗਰ ਇਹ ਸਰਕਾਰੀ ਨੌਕਰੀ ਹੋਵੇ ਤਾਂ ਸਭ ਤੋਂ ਵਧੀਆ ਅਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਖਾਸ ਕਰਕੇ ਪੰਜਾਬ ਵਿੱਚ ਸਰਕਾਰੀ ਨੌਕਰੀ ਕਰਨਾ ਅਤੇ ਨਾਲ ਹੀ ਲੁੱਟਣ ਤੇ ਕੁੱਟਣ ਵਾਲਾ ਮਹਿਕਮਾ ਮਿਲ ਜਾਣਾ ਹੋਰ ਵੀ ਭਾਗਾਂ ਵਾਲੀ ਗੱਲ ਹੁੰਦੀ ਹੈ। ਕਿਉਂਕਿ ਇੱਕ ਤਾਂ ਸਰਕਾਰੀ ਨੌਕਰੀ ਚ ਸਹੂਲਤਾਂ ਹੀ ਬੜੀਆਂ ਮਿਲਦੀਆਂ ਹਨ ਅਤੇ ਦੂਸਰਾ ਤਨਖਾਹ ਨੂੰ ਜਿਆਦਾਤਰ ਸਰਕਾਰੀ ਮੁਲਾਜ਼ਮ ਪੈਨਸ਼ਨ ਹੀ ਮੰਨਦੇ ਹਨ ਅਤੇ ਕੰਮ ਕਰਨ ਦੇ ਬਦਲੇ ਲੋਕਾਂ ਤੋਂ ਲਈ ਗਈ ਰਿਸ਼ਵਤ ਨੂੰ ਆਪਣਾ ਹੱਕ ਸਮਝਦੇ ਹਨ।ਪੰਜਾਬ ਚ ਇੱਕ ਕਹਾਵਤ ਬੜੀ ਮਸ਼ਹੂਰ ਹੈ,ਕਿ ਸਰਕਾਰੀ ਨੌਕਰੀ ਲੈ ਕੇ ਹਰ ਕੋਈ ਆਪਣੇ ਆਪਨੂੰ ਸਰਕਾਰ ਦਾ ਜਵਾਈ ਸਮਝਣ ਲੱਗ ਪੈਂਦਾ ਹੈ।ਇਹੋ ਕਾਰਨ ਹੈ,ਕਿ ਹਰ ਕੋਈ ਵਿਅਕਤੀ ਸਰਕਾਰੀ ਨੌਕਰੀ ਲੈਣ ਲਈ ਤਰਲੋ ਮੱਛੀ ਹੋਇਆ ਰਹਿੰਦਾ ਹੈ ਅਤੇ ਹਰ ਜਾਇਜ ਜਾਂ ਨਜਾਇਜ਼ ਤਰੀਕਿਆਂ ਦੇ ਨਾਲ ਸਰਕਾਰੀ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਆਪਣੇ ਚਹੇਤਿਆਂ ਨੂੰ ਅੱਤਵਾਦ ਦੇ ਦੌਰਾਨ ਮਾਰੇ ਗਏ ਆਪਣੇ ਵਿਧਾਇਕਾਂ ਜਾਂ ਮੰਤਰੀਆਂ ਦੇ ਪਰਿਵਾਰਾਂ ਦੇ ਸਕੇ ਸਵੰਧੀਆਂ ਨੂੰ ਕਈ 2 ਦਹਾਕਿਆਂ ਤੋਂ ਬਾਅਦ ਵੀ ਤਰਸ ਦੇ ਅਧਾਰ ਤੇ ਨੌਕਰੀਆਂ ਦਿੱਤੀਆਂ ਹਨ, ਜਿਹੜੇ ਕਿ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਵੀ ਹਨ। ਇਨ੍ਹਾਂ ਵਿੱਚੋਂ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਰਾ ਨੂੰ ਡੀ.ਐਸ.ਪੀ,ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਪੁਲਿਸ ਇੰਸਪੈਕਟਰ ਅਤੇ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਲੜਕੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ,ਕਿ ਇਹ ਲੋਕ, ਕਿਸੇ ਨੌਕਰੀ ਲਈ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ। ਪਰ ਫੇਰ ਵੀ ਕਾਂਗਰਸ ਸਰਕਾਰ ਨੇ ਅੰਨ੍ਹਾ ਵੰਡੇ ਰਿਉੜ੍ਹੀਆਂ, ਮੁੜ ਮੁੜ ਆਪਣਿਆਂ ਨੂੰ ਦੇ ਜਾਂ ਫਿਰ ਜਿਸ ਕੀ ਲਾਠੀ, ਉਸਕੀ ਭੈਂਸ ਵਾਲੀ ਗੱਲ ਦੇ ਅਨੁਸਾਰ ਇਹ ਸਭ ਕੁੱਝ ਕਰ ਵਿਖਾਇਆ ਹੈ।ਪਰ ਕੋਈ ਕਿਸੇ ਨੂੰ ਪੁੱਛਣ ਵਾਲਾ ਵੀ ਤਾਂ ਨਹੀਂ ਹੈ।ਕਿਉਂਕਿ ਹਮਾਮ ‘ਚ ਸਾਰੇ ਹੀ ਤਾਂ ਨੰਗੇ ਹਨ।
ਪਰ ਬੜੇ ਅਫਸੋਸ ਅਤੇ ਦੁੱਖ ਦੀ ਗੱਲ ਤਾਂ ਇਹ ਹੈ,ਕਿ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੇਰੁਜਗਾਰਾਂ ਦੀ ਫੌਜ ਨੌਕਰੀ ਦੀ ਤਲਾਸ਼ ਵਿੱਚ ਥਾਂ 2 ਭਟਕਦੀ ਫਿਰਦੀ ਹੈ,ਜਿਹੜੇ ਕਿ ਕਿਸੇ ਨੌਕਰੀ ਲਈ ਯੋਗਤਾ ਦੀ ਹਰ ਸ਼ਰਤ ਵੀ ਪੂਰੀ ਕਰਦੇ ਹਨ ਅਤੇ ਹਰ ਰੋਜ ਨੌਕਰੀ ਦੀ ਤਲਾਸ਼ ਚ ਧਰਨੇ ਮੁਜਾਹਰੇ ਵੀ ਕਰਦੇ ਹਨ।ਪਰ ਦੁੱਖ ਦੀ ਗੱਲ ਤਾਂ ਇਹ ਹੈ,ਕਿ ਇੰਨ੍ਹਾਂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੁਜਗਾਰ ਅਤੇ ਆਪਣਾ ਹੱਕ ਮੰਗਣ ਤੇ ਉਲਟਾ ਪੁਲਿਸ ਤਸੱਦਦ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ ਅਤੇ ਕਈ ਵਾਰ ਜੇਲ ਯਾਤਰਾ ਵੀ ਕਰਨੀ ਪੈਂਦੀ ਹੈ।ਸੂਬੇ ਦੇ ਬਹੁਤ ਸਾਰੇ ਨੌਜਵਾਨ ਲੜਕੇ ਤੇ ਲੜਕੀਆਂ ਉੱਚ ਯੋਗਤਾ ਪ੍ਰਾਪਤ ਹੋਣ ਦੇ ਬਾਵਜੂਦ ਵੀ ਜਿਮੀਂਦਾਰਾਂ ਦੇ ਖੇਤਾਂ, ਭੱਠਿਆਂ ਅਤੇ ਕਈ ਤਰ੍ਹਾਂ ਦੀਆਂ ਫੈਕਟਰੀਆਂ ਚ ਕੰਮ ਕਰਨ ਨੂੰ ਮਜਬੂਰ ਹਨ।ਕਈ ਸਟੇਟ ਤੇ ਕਈ ਨੈਸ਼ਨਲ ਪੱਧਰ ਦੇ ਖਿਡਾਰੀ ਸਰਕਾਰਾਂ ਦੁਆਰਾ ਨੌਕਰੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਨੌਕਰੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦਰ 2 ਦੀਆਂ ਠੋਕਰਾਂ ਖਾ ਰਹੇ ਹਨ।ਭਾਵੇਂ ਹਰ ਰਾਜਨੀਤਕ ਪਾਰਟੀ ਚੋਣਾਂ ਦੇ ਵਕਤ ਚੋਣ ਵਾਅਦੇ ਕਰਦੀ ਹੈ,ਪਰ ਪੂਰੇ ਨਹੀਂ ਕਰਦੀ।ਪਰ ਕਾਂਗਰਸ ਪਾਰਟੀ ਦੀ ਇਸ ਗੱਲੋਂ ਦਾਦ ਦੇਣੀ ਬਣਦੀ ਹੈ,ਜਿਸਨੇ ਆਪਣੇ ਚੋਣ ਮੈਨੀਫੈਸਟੋ ਦੇ ਅਨੁਸਾਰ ਘਰ 2 ਨੌਕਰੀ ਦੇਣ ਦਾ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਹੈ।ਇਹਦੇ ਲਈ ਕੈਪਟਨ ਸਰਕਾਰ ਦੀ ਪੂਰੀ ਟੀਮ,ਕਾਂਗਰਸ ਪਾਰਟੀ ਦਾ ਹਰ ਲੀਡਰ ਅਤੇ ਸਾਰੇ ਹੀ ਵਰਕਰ ਵਧਾਈ ਦੇ ਹੱਕਦਾਰ ਹਨ।ਇਹ ਗੱਲ ਵੱਖਰੀ ਹੈ,ਕਿ ਕੈਪਟਨ ਸਰਕਾਰ ਨੇ ਇਹ ਨੌਕਰੀਆਂ ਸਿਰਫ ਆਪਣੇ ਵਿਧਾਇਕਾਂ ਜਾਂ ਮੰਤਰੀਆਂ ਦੇ ਬੱਚਿਆਂ ਨੂੰ ਹੀ ਦਿੱਤੀਆਂ ਹਨ।ਬਾਕੀ ਹੋਰ ਅਕਾਦਮਿਕ ਤੌਰਤੇ ਯੋਗ, ਲੋੜਵੰਦ ਤੇ ਗਰੀਬ ਬੇਰੁਜਗਾਰਾਂ ਵਾਰੇ ਬਾਅਦ ਚ ਵਿਚਾਰ ਕਰ ਲਿਆ ਜਾਵੇਗਾ,ਅਜੇ ਐਨੀ ਕਿਹੜੀ ਕਾਹਲੀ ਹੈ।ਅਗਰ ਫੇਰ ਵੀ ਕੋਈ ਇਨ੍ਹਾਂ ਨੂੰ ਰਾਜਨੀਤਕ ਨਿਯੁਕਤੀਆਂ ਆਖਦਾ ਹੈ,ਤਾਂ ਇਹਦੇ ਵਿੱਚ ਕੈਪਟਨ ਸਰਕਾਰ ਦਾ ਰੱਤੀ ਵੀ ਕਸੂਰ ਨਹੀਂ ਹੈ।ਕਿਉਂਕਿ ਸਰਕਾਰੀ ਨੌਕਰੀ ਲੈਣ ਲਈ, ਕਾਂਗਰਸੀ ਸਿਰਕੱਢ ਆਗੂ, ਵਿਧਾਇਕ ਜਾਂ ਮੰਤਰੀ ਦਾ ਪੁੱਤਰ ਜਾਂ ਪੋਤਾ ਹੋਣ ਦੀ ਸ਼ਰਤ ਵੀ ਤਾਂ ਜਰੂਰੀ ਹੈ।ਜਿਹੜੀ ਕਿ ਸਰਕਾਰੀ ਨੌਕਰੀ ਦੀ ਮੁੱਖ ਯੋਗਤਾ ਹੈ। ਜਿਨ੍ਹਾਂ ਕੋਲ ਇਹ ਯੋਗਤਾ ਨਹੀਂ ਹੈ,ਤਾਂ ਪਹਿਲਾਂ ਉਹ ਨੌਕਰੀ ਤੇ ਲੱਗਣ ਦੀ ਆਪਣੀ ਯੋਗਤਾ ਪੂਰੀ ਕਰਨ ਅਤੇ ਬਾਅਦ ਵਿੱਚ ਸਰਕਾਰ ਨਾਲ ਆਪਣੀ ਨੌਕਰੀ ਦੀ ਗੱਲ ਕਰਨ,ਤਾਂ ਹੀ ਨੌਕਰੀ ਮਿਲ ਸਕਦੀ ਹੈ।ਕਿਉਂਕਿ ਕਾਂਗਰਸ ਦੀ ਕੈਪਟਨ ਸਰਕਾਰ ਸਰਕਾਰੀ ਨੌਕਰੀਆਂ ਦੇ ਸਵੰਧ ਚ ਬੜਾ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ।ਰਾਜਨੀਤਕ ਵਿਰੋਧੀ ਪਾਰਟੀਆਂ ਜਾਂ ਆਮ ਜਨਤਾ ਨੂੰ ਇਸ ਗੱਲ ਤੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਸੰਵਿਧਾਨਕ ਹੱਕ ਨਹੀਂ ਹੈ। ਬਿਨਾਂ ਕੋਈ ਯੋਗਤਾ ਪੂਰੀ ਕੀਤਿਆਂ ਕਿਸੇ ਨੂੰ ਸਰਕਾਰੀ ਨੌਕਰੀ ਕਿਵੇਂ ਦਿੱਤੀ ਜਾ ਸਕਦੀ ਹੈ।ਆਖਰ ਕਾਇਦਾ ਕਾਨੂੰਨ ਵੀ ਤਾਂ, ਕੋਈ ਚੀਜ਼ ਹੁੰਦੀ ਹੈ।
ਸੰਪਰਕ: 93169 10402