ਜਲੰਧਰ : ਅੱਜ ਜਲੰਧਰ ਦੇ ਵਿਚ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਵਲੋਂ ਪ੍ਰੈਸ ਵਾਰਤਾ ਕੀਤੀ ਗਈ । ਇਸ ਪ੍ਰੈਸ ਕਾਨਫਰੰਸ ‘ਚ ਪਰਗਟ ਸਿੰਘ ਨੇ ਕਿਹਾ ਕਿ ਪਰਸੋਂ ਪੰਜਾਬ ਕੈਬਿਨੇਟ ਵਲੋਂ 2 ਨੌਕਰੀਆਂ, ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਤੇ ਵਿਧਾਇਕ ਰਾਕੇਸ਼ ਪਾਂਡੇ ਦੇ ਮੁੰਡਿਆਂ ਨੂੰ ਤਰਸ ਦੇ ਆਧਾਰ ਉੱਤੇ ਦਿਤੀਆਂ ਗਈਆਂ ਹਨ ਜੋ ਕਿ ਗਲਤ ਹੈ। ਵਿਧਾਇਕ ਪਰਗਟ ਸਿੰਘ ਨੇ ਫ਼ੈਸਲੇ ‘ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹੀ ਪਰਿਵਾਰ ਆਰਥਿਕ ਤੇ ਸਿਆਸੀ ਰੂਪ ਤੋਂ ਮਜ਼ਬੂਤ ਹਨ ਤੇ ਤਰਸ ਦੇ ਆਧਾਰ ‘ਤੇ ਨੌਕਰੀ ਦੀ ਕੈਟੇਗਿਰੀ ‘ਚ ਨਹੀਂ ਆਉਂਦੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਬਿਲੀਅਤ ‘ਤੇ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਤੇ 5 ਮੰਤਰੀਆਂ ਦੇ ਵਿਰੋਧ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਉਹ ਜਦੋਂ ਸਖ਼ਤ ਵਿਰੋਧ ਵਿਚਕਾਰ ਇਸ ਤਰ੍ਹਾਂ ਦੇ ਫ਼ੈਸਲੇ ਲੈ ਸਕਦੇ ਹਨ ਤਾਂ ਪੰਜਾਬ ਨਾਲ ਜੁੜੇ ਵੱਡੇ ਮੁੱਦਿਆਂ ‘ਤੇ ਕੰਮ ਕਿਉਂ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਜਿਥੇ ਕਿਸਾਨ ਮੋਰਚੇ ਤੇ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਲਈ ਪਾਲਿਸੀ ਬਣਾਉਣੀ ਚਾਹੀਦੀ ਹੈ ਉਥੇ ਕੈਪਟਨ ਵਲੋਂ ਤਰਸ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸੰਸਦ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਡੀਐੱਸਪੀ ਬਣਾਉਣਾ ਵੀ ਗਲਤ ਸੀ। ਇਸ ਸਮੇਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਰਹੇ ਹਨ ਤਾਂ ਵਿਧਾਇਕਾਂ ਦੇ ਮੁੰਡਿਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਕਿਸ ਲਈ ਦਿੱਤੀ ਜਾ ਰਹੀ ਹੈ।
ਵਿਧਾਇਕ ਪਰਗਟ ਨੇ ਕਿਹਾ ਕਿ ਇਸ ਮੁੱਦੇ ਨੂੰ ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ ਬਣਾ ਦਿੱਤਾ ਹੈ, ਜਦਕਿ ਇਹ ਮਾਮਲਾ ਮੁੱਦਿਆਂ ਨਾਲ ਜੁੜਿਆ ਹੈ।ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਆਮ ਆਦਮੀ ਪਾਰਟੀ ‘ਚ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕਾਂਗਰਸ ‘ਚ ਹੀ ਰਹਿ ਕੇ ਜਨਤਾ ਦੇ ਮੁੱਦੇ ਚੁੱਕਦੇ ਰਹਿਣਗੇ। ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਚੋਣਾਂ ਲੜਨ ਦੀਆਂ ਚਰਚਾਵਾਂ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ 2019 ਤੋਂ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ ਪਰ ਜਦੋਂ ਕਿਸੇ ਵੀ ਪੱਧਰ ‘ਤੇ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੂੰ ਮੀਡੀਆ ‘ਚ ਆਉਣਾ ਪਿਆ।