ਨਵੀਂ ਦਿੱਲੀ (ਦਵਿੰਦਰ ਸਿੰਘ) : ਕਾਂਗਰਸ ਪਾਰਟੀ ਵਿਚ ਮੁੜ ਤੋਂ ਸ਼ਾਮਿਲ ਹੋਣ ਤੋਂ ਦੋ ਹਫ਼ਤੇ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਵੀਂ ਦਿੱਲੀ ਵਿਖੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਪਿਰਮਲ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਕਮਾਲੂ ਵੀ ਸਨ।
ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਹਿਰਾ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਮੂਲੀਅਤ ਉਨ੍ਹਾਂ ਦੀ ਘਰ ਵਾਪਸੀ ਹੈ ਅਤੇ ‘ਆਮ ਆਦਮੀ ਪਾਰਟੀ’ ਵਿੱਚ ਜਾਣਾ ਉਨ੍ਹਾਂ ਦੀ ਭੁੱਲ ਸੀ। ਇਸ ਮੌਕੇ ਸੁਖ਼ਪਾਲ ਸਿੰਘ ਖ਼ਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਆਪਣੀ ‘ਪੰਜਾਬ ਏਕਤਾ ਪਾਰਟੀ’ ਦਾ ਰਲੇਵਾਂ ਕਾਂਗਰਸ ਵਿੱਚ ਕਰ ਰਹੇ ਹਨ।
ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ।
ਦੱਸਣਯੋਗ ਹੈ ਕਿ ਲੰਘੀ 3 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਦੀ ਐਮ.ਪੀ. ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਚੁਣੇ ਤਿੰਨ ਵਿਧਾਇਕ ਸੁਖ਼ਪਾਲ ਸਿੰਘ ਖ਼ਹਿਰਾ, ਪਿਰਮਲ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਕਮਾਲੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਸੁਖ਼ਪਾਲ ਸਿੰਘ ਖ਼ਹਿਰਾ ਜੋ ਭੁਲੱਥ ਤੋਂ ਵਿਧਾਇਕ ਹਨ ਨੇ ਆਪਣਾ ਸਿਆਸੀ ਸਫ਼ਰ ਵੀ ਕਾਂਗਰਸ ਤੋਂ ਹੀ ਸ਼ੁਰੂ ਕੀਤਾ ਸੀ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ ਸਨ । ਖਹਿਰਾ ਭੁਲੱਥ ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜਕੇ ਜੇਤੂ ਹੋਏ ਸਨ। ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਪਰ ਮੁੜ ਅਰਵਿੰਦ ਕੇਜਰੀਵਾਲ ਸਣੇ ਹੋਰ ਨੇਤਾਵਾਂ ਨੇ ਮਤਭੇਦਾਂ ਦੇ ਚਲਦਿਆਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ।