ਪਟਿਆਲਾ : ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਅੱਜ ਫੇਰ ਪੰਜਾਬ ਪੁਲਿਸ ਨੇ ਮੋਤੀ ਮਹਿਲ ਵੱਲ ਵਧਣ ਨਹੀਂ ਦਿੱਤਾ । ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਵੱਡੀ ਗਿਣਤੀ ਅਧਿਆਪਕਾਂ ਨਾਲ ਪੁਲਿਸ ਵਲੋਂ ਨਾ ਸਿਰਫ ਧੱਕਾ-ਮੁੱਕੀ ਕੀਤੀ ਗਈ ਸਗੋਂ ਮਹਿਲ ਵੱਲ ਵਧ ਰਹੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਤੁੰਨ ਕੇ ਉਥੋਂ ਲੈ ਜਾਇਆ ਗਿਆ। ਮਹਿਲਾ ਅਧਿਆਪਕਾਂ ਨਾਲ ਵੀ ਖਿੱਚ ਧੂਹ ਕੀਤੇ ਜਾਣ ਦੀ ਖ਼ਬਰ ਹੈ।
ਹਲਾਂਕਿ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਪੋਲੋ ਗਰਾਊਂਡ ਨਜ਼ਦੀਕ ਧਰਨਾਕਾਰੀ ਅਧਿਆਪਕਾਂ ਨੂੰ ਅੱਗੇ ਨਾ ਵਧਣ ਅਤੇ ਆਪਣਾ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰਨ ਲਈ ਕਿਹਾ ਸੀ, ਪਰ ਅਚਾਨਕ ਸਥਿਤੀ ਬੇਕਾਬੂ ਹੋ ਗਈ।
ਮੋਤੀ ਮਹਿਲ ਦੇ ਆਸੇ-ਪਾਸੇ ਪੁਲਿਸ ਨੇ ਜ਼ਬਰਦਸਤ ਘੇਰਾਬੰਦੀ ਕੀਤੀ ਹੋਈ ਸੀ। ਪੂਰਾ ਇਲਾਕਾ ਇੱਕ ਤਰ੍ਹਾਂ ਪੁਲਿਸ ਛਾਉਣੀ ਪ੍ਰਤੀਤ ਹੋ ਰਿਹਾ ਸੀ।
ਸੂਬੇ ਦੇ ਈਟੀਟੀ- ਟੈਟ ਅਧਿਆਪਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਵੀ ਬੇਰੁਜ਼ਗਾਰ ਅਧਿਆਪਕਾਂ ਦੀ ਜਦੋਂ ਸਾਰ ਨਹੀਂ ਲਈ ਗਈ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਅੱਜ ਮੋਤੀ ਮਹਿਲ ਦਾ ਘਿਰਾਓ ਕਰਨ ਵਾਸਤੇ ਪਟਿਆਲਾ ਪੁੱਜੇ ਸਨ।
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਦੇ ਹੋਏ ਧਰਨਾਕਾਰੀ ਮਹਿਲਾ ਤੇ ਪੁਰਸ਼ ਅਧਿਆਪਕਾਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ ਗਿਆ।