ਆਗਰਾ: ਆਗਰਾ ਦੇ ਨਿਬੋਹਰਾ ਖੇਤਰ ਦੇ ਪਿੰਡ ਰਾਮਪੁਰ ਵਿੱਚ 130 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 3 ਸਾਲ ਦੇ ਬੱਚੇ ਨੂੰ 8 ਘੰਟੇ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਿਸ, ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਫੌਜ ਨੇ ਸਾਂਝੇ ਰੈਸਕਿਊ ਆਪਰੇਸ਼ਨ ਨਾਲ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ।
ਪਹਿਲੀ ਵਾਰ ਅਜਿਹਾ ਹੋਇਆ ਕਿ ਇੰਨੇ ਡੂੰਘੇ ਟੋਏ ‘ਚੋਂ ਬੱਚੇ ਨੂੰ ਰੱਸੀ ਦੇ ਸਹਾਰੇ ਹੀ ਬਾਹਰ ਕੱਢਣ ‘ਚ ਸਫਲਤਾ ਮਿਲ ਗਈ। ਹਾਲਾਂਕਿ ਇਸ ਦੌਰਾਨ ਬੋਰਵੈੱਲ ਦੇ ਨਾਲ ਹੀ ਸੁਰੰਗ ਬਣਾਕੇ ਕੱਢਣ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਸਾਲਾ ਸ਼ਿਵ ਸੋਮਵਾਰ 8 ਵਜੇ ਦੇ ਲਗਭਗ ਖੇਡਦੇ ਸਮੇਂ ਬੋਰਵੈੱਲ ਵਿੱਚ ਡਿੱਗ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਬੋਰਵੈੱਲ ‘ਚੋਂ ਰੋਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।