ਜਲੰਧਰ: ਪੰਜਾਬ ਪੁਲਿਸ ਦੀ ਆਏ ਦਿਨ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ। ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਿਸ ਮੁਲਾਜ਼ਮ ਨੇ ਇੱਕ ਪੈਰਾਂ ਤੋਂ ਲਾਚਾਰ ਅਪਾਹਜ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਨੇ ਪਹਿਲਾਂ ਅਪਾਹਜ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਫਿਰ ਪੈਰਾਂ ਨਾਲ ਮਾਰਿਆ। ਅਪਾਹਜ ਨਾ ਤਾਂ ਆਪਣੇ ਬਚਾਅ ‘ਚ ਖੜ੍ਹਾ ਹੋ ਸਕਦਾ ਸੀ ਅਤੇ ਨਾ ਹੀ ਉੱਥੋਂ ਅੱਗੇ-ਪਿੱਛੇ ਹਟ ਸਕਦਾ ਸੀ।
ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀ ‘ਚ ਕੈਦ ਹੋ ਗਈ।ਅਪਾਹਜ ਨੇ ਸਹਾਇਕ ਸਬ ਇੰਸਪੈਕਟਰ ਖਿਲਾਫ ਸ਼ਿਕਾਇਤ ਵੀ ਕੀਤੀ। ਦਸਦਈਏ ਇਹ ਫੁਟੇਜ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈ ਹੈ।ਮਾਮਲਾ ਵਧਦਾ ਦੇਖ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਹਾਇਕ ਸਬ-ਇੰਸਪੈਕਟਰ ਰਘੁਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ। ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਅਪਾਹਜ ਵਿਅਕਤੀ ਨੇ ਚੋਰੀ ਦੇ ਇੱਕ ਮਾਮਲੇ ਵਿੱਚ ਪੁਲਿਸ ਦਾ ਸਹਿਯੋਗ ਨਹੀਂ ਕੀਤਾ ਪਰ ਏਐਸਆਈ ਰਘੁਬੀਰ ਸਿੰਘ ਨੇ ਗੈਰ-ਪੇਸ਼ੇਵਰਾਨਾ ਰਵੱਈਆ ਦਿਖਾਇਆ। ਉਸ ਨੂੰ ਸੀਨੀਅਰ ਅਫਸਰਾਂ ਨੂੰ ਦੱਸ ਦੇਣਾ ਚਾਹੀਦਾ ਸੀ। ਇਸ ਲਈ ਉਸ ਨੂੰ ਸਸਪੈਂਡ ਕਰਨ ਤੋਂ ਬਾਅਦ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਬੀਰ ਵਿਹਾਰ ਦਾ ਰਹਿਣ ਵਾਲਾ ਮਹਿੰਦਰ ਕੁਮਾਰ ਕਬਾੜ ਦਾ ਕੰਮ ਕਰਦਾ ਹੈ।ਉਸਨੇ ਦਸਿਆ ਕਿ 17 ਅਪ੍ਰੈਲ ਨੂੰ ਸਵੇਰੇ ਕਰੀਬ 11 ਵਜੇ ਏਐਸਆਈ ਰਘੁਵੀਰ ਸਿੰਘ, ਇਕ ਕਾਂਸਟੇਬਲ ਅਤੇ ਇਕ ਹੋਰ ਵਿਅਕਤੀ ਨਾਲ ਉਸਦੀ ਦੁਕਾਨ ’ਤੇ ਆਏ ਸਨ। ਆਉਂਦੇ ਹੀ ਪੁਲਿਸ ਵਾਲੇ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮਹਿੰਦਰ ਨੇ ਕਿਹਾ ਕਿ ਉਸਦਾ ਭਰਾ ਸਲਿੰਦਰ ਦੁਕਾਨ ‘ਤੇ ਨਹੀਂ ਸੀ ਅਤੇ ਜਦੋਂ ਆਉਂਦਾ ਤਾਂ ਉਸਨੂੰ ਦੱਸ ਦੇਵੇਗਾ।ਮਹਿੰਦਰ ਕੁਮਾਰ ਨੇ ਦੱਸਿਆ ਕਿ ਰਘੁਵੀਰ ਸਿੰਘ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਹ 90 ਪ੍ਰਤੀਸ਼ਤ ਅਪਾਹਜ ਹੈ ਅਤੇ ਅਜੇ ਵੀ ਤੁਰ ਨਹੀਂ ਸਕਦਾ। ਇਹ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿੱਚ ਵੀ ਆਇਆ ਹੈ। ਕਮਿਸ਼ਨ ਨੇ ਜਲੰਧਰ ਪੁਲਿਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦਰਜ ਕਰਨ ਲਈ ਕਿਹਾ ਹੈ।