ਟੋਰਾਂਟੋ : ਓਂਟਾਰੀਓ ਸੂਬੇ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ। ਕਰੀਬ 9 ਮਹੀਨਿਆਂ ਬਾਅਦ ਬੁੱਧਵਾਰ ਨੂੰ ਪਹਿਲਾ ਮੌਕਾ ਸੀ ਜਦੋਂ ਕੋਰੋਨਾ ਦੇ ਮਾਮਲੇ ਸਭ ਤੋਂ ਘੱਟ ਗਿਣਤੀ ‘ਚ ਦਰਜ ਕੀਤੇ ਗਏ।
ਬੁੱਧਵਾਰ ਨੂੰ ਕੋਵਿਡ -19 ਦੇ 411 ਨਵੇਂ ਮਾਮਲੇ ਰਿਪੋਰਟ ਕੀਤੇ ਗਏ । ਇਹ ਸੂਬੇ ਦੇ ਸਿਹਤ ਵਿਭਾਗ ਅਤੇ ਲੋਕਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ। ਸੂਬਾਈ ਕੋਰੋਨਾ ਮਾਮਲਿਆਂ ਦਾ ਅੰਕੜਾ ਕੁੱਲ ਮਿਲਾ ਕੇ 5,37,487 ਤੱਕ ਪਹੁੰਚ ਗਿਆ ਹੈ।
ਵੈਸੇ ਬੁੱਧਵਾਰ ਦੀ ਰੋਜ਼ਾਨਾ ਕੇਸ ਗਿਣਤੀ (411) 25 ਸਤੰਬਰ ਤੋਂ ਬਾਅਦ ਸਭ ਤੋਂ ਘੱਟ ਰਹੀ ਹੈ, ਉਸ ਸਮੇਂ 409 ਨਵੇਂ ਕੇਸ ਸਾਹਮਣੇ ਆਏ ਸਨ। ਇਹ ਲਗਾਤਾਰ ਦਸਵਾਂ ਦਿਨ ਹੈ ਜਦੋਂ ਕੇਸ ਗਿਣਤੀ ਇਕ ਹਜ਼ਾਰ ਤੋਂ ਹੇਠਾਂ ਦਰਜ ਕੀਤੀ ਗਈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ 469 ਨਵੇਂ ਕੇਸ ਦਰਜ ਕੀਤੇ ਗਏ ਸਨ ਜਦੋਂਕਿ ਸੋਮਵਾਰ ਨੂੰ 525 ਅਤੇ ਐਤਵਾਰ ਨੂੰ 663 ਮਾਮਲੇ ਸਾਹਮਣੇ ਆਏ ਸਨ।
ਬੁੱਧਵਾਰ ਦੀ ਰਿਪੋਰਟ ਦੇ ਅਨੁਸਾਰ ਟੋਰਾਂਟੋ ਵਿੱਚ 97, ਪੀਲ ਖੇਤਰ ਵਿੱਚ 72, ਵਾਟਰਲੂ ਵਿੱਚ 35, ਯੌਰਕ ਖੇਤਰ ਵਿੱਚ 26 ਅਤੇ ਹੈਮਿਲਟਨ ਵਿੱਚ 25 ਕੇਸ ਦਰਜ ਕੀਤੇ ਗਏ।
ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਪ੍ਰੋਵਿੰਸ਼ੀਅਲ ਰਿਪੋਰਟ ਵਿਚ 25 ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ।
ਪ੍ਰਾਂਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8,920 ਹੋ ਗਈ ਹੈ ਕਿਉਂਕਿ 33 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ।