ਫਗਵਾੜਾ/ਜਲੰਧਰ : ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਗਾਇਕ ਅਤੇ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰ ਰਹੇ ਹਨ ਅਤੇ ਪ੍ਰਸ਼ਾਸਨ ਵੀ ਅਜਿਹੇ ਲੋਕਾਂ ਨਾਲ ਰਿਆਇਤ ਕਰਨ ਦੇ ਮੂਡ ਵਿੱਚ ਬਿਲਕੁਲ ਨਹੀਂ। ਇਸ ਕੜੀ ਵਿੱਚ ਹੁਣ ਪੰਜਾਬ ਦੇ ਮਸ਼ਹੂਰ ਸਿੰਗਰ ਖਾਨ ਸਾਹਬ ਉਰਫ਼ ਇਮਰਾਨ ਖਾਨ ‘ਤੇ ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸ.ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਬੀਤੇ ਦਿਨੀਂ ਗਾਇਕ ਖਾਨ ਸਾਹਬ ਦੇ ਜਨਮਦਿਨ ਮੌਕੇ ਬੈਂਡ ਵਾਜੇ ਵਜਾਏ ਗਏ ਅਤੇ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਕਰਕੇ ਡੀਸੀ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸਦੀ ਵੀਡੀੳ ਵਾਇਰਲ ਹੋਣ ਤੋਂ ਬਾਅਦ ਖਾਨ ਸਾਹਬ ਅਤੇ ਉਸਦੇ ਸਾਥੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਜੋ ਵੀ ਕੋਰੋਨਾ ਮਹਾਮਾਰੀ ਦੌਰਾਨ ਹਦਾਇਤਾਂ ਦੀ ਉਲੰਘਣਾ ਕਰੇਗਾ ਉਸ ‘ਤੇ ਮਾਮਲਾ ਦਰਜ ਜ਼ਰੂਰ ਹੋਵੇਗਾ, ਫਿਰ ਉਹ ਚਾਹੇ ਕੋਈ ਵੀ ਹੋਵੇ। ਫਿਲਹਾਲ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਸਿੰਗਰ ਖਾਨ ਸਾ’ਬ ਵਲੋਂ ਜ਼ਮਾਨਤ ਲੈ ਲਈ ਗਈ ਹੈ । ਫਿਲਹਾਲ ਪੁਲਿਸ ਵਲੋਂ ਉਸਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ ਅਤੇ ਕਈ ਹੋਰ ਅਦਾਕਾਰਾਂਂ ਨੂੰ ਵੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ।