ਚੰਡੀਗੜ੍ਹ : ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੰਗਲਵਾਰ ਨੂੰ ਸਾਰੇ ਵਿਭਾਗਾਂ ਨੂੰ ਸੂਬੇ ਦੇ ਵਾਤਾਵਰਣ ਸਬੰਧੀ ਪ੍ਰਮੁੱਖ ਮਸਲਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਣੀ ਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਨਾਲ ਹੀ ਠੋਸ ਅਤੇ ਪਲਾਸਟਿਕ ਵੇਸਟ ਦੇ ਢੁਕਵੇਂ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸੂਬੇ ਨੂੰ ਸਾਫ਼, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਮਹਾਂਮਾਰੀ ਦੀ ਸਥਿਤੀ ਵਿਚ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਸਾਰੇ ਵਿਭਾਗ ਸੂਬੇ ਦੇ ਵਾਤਾਵਰਣ ਨਾਲ ਜੁੜੇ ਮੁੱਦਿਆਂ ਵੱਲ ਧਿਆਨ ਦੇਣ।
ਉਹ ਚੰਡੀਗੜ੍ਹ ਵਿਖੇ ਸੂਬੇ ਵਿੱਚ ਵਾਤਾਵਰਣ ਯੋਜਨਾ ਤਹਿਤ ਪਰਾਲੀ ਸਾੜਨ ਨੂੰ ਕੰਟਰੋਲ ਕਰਨ ਸਬੰਧੀ ਕਾਰਜ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਝੋਨੇ ਵਰਗੀਆਂ ਲੰਬੇ ਸਮੇਂ ਵਾਲੀਆਂ ਫ਼ਸਲਾਂ ਦੀ ਥਾਂ ਛੋਟੇ ਸਮੇਂ ਵਾਲੀਆਂ ਵਿਭਿੰਨ ਕਿਸਮਾਂ ਜਿਵੇਂ ਮੱਕੀ, ਕਪਾਹ ਅਤੇ ਬਾਗਬਾਨੀ ਨਾਲ ਸਬੰਧਤ ਹੋਰ ਫ਼ਸਲਾਂ ਲਗਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਸਬੰਧੀ ਸਾਰੇ ਯਤਨ ਕੀਤੇ ਜਾ ਰਹੇ ਹਨ।
.@CsPunjab Ms Vini Mahajan directed all the departments concerned to take necessary measures to address the major environmental issues in the state and control water and air pollution besides ensuring proper solid and plastic waste management. pic.twitter.com/N67QS1qPMP
— Government of Punjab (@PunjabGovtIndia) June 8, 2021
ਉਹਨਾਂ ਇਹ ਵੀ ਦੱਸਿਆ ਕਿ ਸੂਬੇ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਨੂੰ 880 ਕਰੋੜ ਰੁਪਏ ਦਾ ਪ੍ਰਾਜੈਕਟ ਭੇਜਿਆ ਗਿਆ ਹੈ। ਪੰਜਾਬ ਊਰਜਾ ਵਿਕਾਸ ਏਜੰਸੀ ਦੇ ਨੁਮਾਇੰਦੇ ਨੇ ਦੱਸਿਆ ਕਿ 6 ਮੈਗਾਵਾਟ ਸਮਰੱਥਾ ਦਾ ਬਾਇਓਮਾਸ ਪਾਵਰ ਪ੍ਰੋਜੈਕਟ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ 14 ਮੈਗਾਵਾਟ ਸਮਰੱਥਾ ਦੇ ਦੋ ਬਾਇਓਮਾਸ ਪ੍ਰਾਜੈਕਟ ਅਤੇ 36.5 ਟੀਪੀਡੀ ਸਮਰੱਥਾ ਦੇ ਦੋ ਬਾਇਓ ਸੀ ਐਨ ਜੀ ਪ੍ਰਾਜੈਕਟ ਉਸਾਰੀ ਅਧੀਨ ਹਨ ਅਤੇ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸੂਬੇ ਵਿਚ ਝੋਨੇ ਦੀ ਪਰਾਲੀ ਵਿੱਚ ਲਗਭਗ 8 ਮਿਲੀਅਨ ਟਨ ਦੀ ਕਮੀ ਆਵੇਗੀ।
ਲੁਧਿਆਣਾ ਤੋਂ ਸਤਲੁਜ ਦਰਿਆ ਵਿਚ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੇਰਵੇ ਦਿੰਦਿਆਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸਰਹਿੰਦ ਨਹਿਰ ਤੋਂ ਬੁੱਢੇ ਨਾਲੇ ਵਿਚ 200 ਕਿਊਸਕ ਤਾਜ਼ਾ ਪਾਣੀ ਛੱਡਣ ਦਾ ਪ੍ਰਾਜੈਕਟ ਇਸ ਮਹੀਨੇ ਦੇ ਅੰਤ ਤੱਕ ਪੂਰਾ ਹੋ ਜਾਵੇਗਾ।
ਸੂਬੇ ਦੇ ਵੱਖ ਵੱਖ ਕਸਬਿਆਂ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ 120 ਐਸਟੀਪੀਜ਼ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਾਜੈਕਟਾਂ ਦੇ ਕੰਮ ਨੂੰ ਪੂਰਾ ਕਰਨ ਲਈ ਹਰੇਕ ਵਿਭਾਗ ਦੁਆਰਾ ਦਿੱਤੀ ਸਮੇਂ ਸੀਮਾ ਦੀ ਸਖ਼ਤੀ ਨਾਲ ਪਾਲਣ ਕਰਨ।
ਭੋਂ ਅਤੇ ਜਲ ਸੰਭਾਲ ਵਿਭਾਗ ਦੇ ਨੁਮਾਇੰਦੇ ਨੇ ਮੀਟਿੰਗ ਵਿੱਚ ਦੱਸਿਆ ਕਿ ਰਾਮਪੁਰਾ ਫੂਲ, ਸੰਗਤ ਅਤੇ ਖੰਨਾ ਸ਼ਹਿਰਾਂ ਵਿੱਚ 38 ਐਮ.ਐਲ.ਡੀ. ਸੋਧੇ ਹੋਏ ਗੰਦੇ ਪਾਣੀ ਦੀ ਮੁੜ ਵਰਤੋਂ ਲਈ ਸਿੰਜਾਈ ਨੈੱਟਵਰਕ ਸਥਾਪਤ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਕਿਸਾਨਾਂ ਨੇ ਸੋਧੇ ਹੋਏ ਪਾਣੀ ਦਾ ਇਸਤੇਮਾਲ ਕਰਨਾ ਅਰੰਭ ਕਰ ਦਿੱਤਾ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸੂਬੇ ਵਿੱਚ ਛੱਪੜਾਂ ਦੇ ਨਵੀਨੀਕਰਨ ਦਾ ਕੰਮ 545 ਪਿੰਡਾਂ ਵਿੱਚ ਮੁਕੰਮਲ ਹੋ ਚੁੱਕਾ ਹੈ ਅਤੇ 638 ਪਿੰਡਾਂ ਵਿੱਚ ਇਹ ਕੰਮ ਪ੍ਰਗਤੀ ਅਧੀਨ ਹੈ।
ਮੀਟਿੰਗ ਦੌਰਾਨ ਇਹ ਸੰਕਲਪ ਲਿਆ ਗਿਆ ਕਿ ਇੱਕ ਵਾਰ ਵਰਤੋਂ `ਚ ਆਉਣ ਵਾਲੇ ਪਲਾਸਟਿਕ ਦਾ ਨਿਬੇੜਾ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਤੇ ਮਿਉਂਸਪਲ ਕਮਿਸ਼ਨਰ ਇਸ ਦੇ ਨਿਬੇੜੇ ਲਈ ਹਰ ਸੰਭਵ ਯਤਨ ਕਰਨਗੇ। ਇਸ ਮਾਮਲੇ ਦੀ ਸਮੀਖਿਆ ਮੁੱਖ ਸਕੱਤਰ ਪੱਧਰ `ਤੇ ਦੋ ਮਹੀਨਿਆਂ ਵਿਚ ਇਕ ਵਾਰ ਕੀਤੀ ਜਾਵੇਗੀ।
9 ਨਾਨ-ਅਟੇਨਮੈਂਟ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੰਦਆਂ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ 114 ਇੰਡਕਸ਼ਨ ਭੱਠੀਆਂ ਅਤੇ 57 ਭੱਠਿਆਂ ਨੇ ਸਾਈਡ ਸੱਕਸ਼ਟ ਹੁੱਡ ਅਤੇ ਇੰਡਿਊਸਡ ਡਰਾਫਟ ਤਕਨਾਲੋਜੀ ਨੂੰ ਅਪਣਾਇਆ ਹੈ। ਇਸ ਦੇ ਨਾਲ ਹੀ 57 ਸਟੀਲ ਰੀ-ਰੋਲਿੰਗ ਮਿੱਲਾਂ ਕੋਲੇ ਤੋਂ ਸੀ.ਐਨ.ਜੀ./ਪੀ.ਐਨ.ਜੀ. ਵਿਚ ਤਬਦੀਲ ਹੋ ਗਈਆਂ ਹਨ। ਇਸ ਦੇ ਨਤੀਜੇ ਵਜੋਂ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਵਿਚ ਹਵਾ ਪ੍ਰਦੂਸ਼ਣ `ਚ ਕਾਫ਼ੀ ਕਮੀ ਆਈ ਹੈ।
ਡਾਇਰੈਕਟਰ ਵਾਤਾਵਰਣ ਨੇ ਦੱਸਿਆ ਕਿ ਸੂਬੇ ਨੇ ਵੱਖ ਵੱਖ ਰਣਨੀਤਕ ਥਾਵਾਂ `ਤੇ 10 ਕੰਟੀਨਿਊਸ ਐਂਬੀਐਂਟ ਏਅਰ ਕੁਆਲਟੀ ਸਟੇਸ਼ਨ ਸਥਾਪਤ ਕਰਕੇ ਆਪਣੇ ਹਵਾ ਗੁਣਵੱਤਾ ਨਿਗਰਾਨ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਹੈ।
——-