ਪ੍ਰਨੀਤ ਕੌਰ ਦੇ ਬਿਆਨ ‘ਤੇ ਨਵਜੋਤ ਕੌਰ ਸਿੱਧੂ ਦਾ ਤਿੱਖਾ ਪਲਟਵਾਰ

TeamGlobalPunjab
2 Min Read

ਪਟਿਆਲਾ/ਦਿੱਲੀ : ਲੋਕ ਸਭਾ ਮੈਂਬਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਵੱਲੋਂ ਕੀਤੀ ਗਈ ਟਿੱਪਣੀ ‘ਤੇ ਨਵਜੋਤ ਕੌਰ ਸਿੱਧੂ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਬੀਤੇ ਦਿਨ ਦਿੱਲੀ ਵਿਖੇ ਐਮ.ਪੀ. ਪ੍ਰਨੀਤ ਕੌਰ ਵਲੋਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਇਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਕੋਰੋਨਾ ਸੰਕਟ ਵਿਚਾਲੇ ਸਿੱਧੂ ਨੂੰ ਆਪਣਾ ਹਲਕਾ ਸੰਭਾਲਨਾ ਚਾਹੀਦਾ ਹੈ। ਉਸਨੂੰ ਕੋਵਿਡ ਖ਼ਿਲਾਫ਼ ਲੜਾਈ ‘ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।’

ਨਾਲ ਹੀ ਉਨ੍ਹਾਂ ਕਿਹਾ ਸੀ ਕਿ,’ਸਿੱਧੂ ਨੂੰ ਜੇਕਰ ਕੋਈ ਗਿਲੇ-ਸ਼ਿਕਵੇ ਹਨ ਤਾਂ ਉਹ ਮੁੱਖ ਮੰਤਰੀ ਜਾਂ ਫਿਰ ਕਾਂਗਰਸ ਹਾਈਕਮਾਨ ਸਾਹਮਣੇ ਰੱਖਣ।’

ਪ੍ਰਨੀਤ ਕੌਰ ਦੇ ਇਸ ਬਿਆਨ ‘ਤੇ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਕੋਵਿਡ ਦੌਰਾਨ ਪ੍ਰਨੀਤ ਕੌਰ ਵੀ ਇੱਕ ਸਾਲ ਤੱਕ ਪਟਿਆਲਾ ਵਿਚ ਨਹੀਂ, ਸਗੋਂ ਆਪਣੇ ਫਾਰਮ ਹਾਊਸ ਵਿੱਚ ਸਨ।

 

 

ਨਵਜੋਤ ਕੌਰ ਨੇ ਪਹਿਲੇ ਟਵੀਟ ਵਿੱਚ ਕਿਹਾ ਕਿ ਅੰਮ੍ਰਿਤਸਰ ਈਸਟ ਦੀ ਚਿੰਤਾ ਨਾ ਕਰੋ, ਇਸ ਨੂੰ ਬਹੁਤ ਹੀ ਕੁਸ਼ਲਤਾ ਨਾਲ ਦੇਖਿਆ ਜਾ ਰਿਹਾ ਹੈ। ਸਿੱਧੂ ਆਪਣੇ ਲੋਕਾਂ ਨੂੰ ਵਿਚਕਾਰ ਨਹੀਂ ਛੱਡਣਗੇ। ਨਵਜੋਤ ਸਿੱਧੂ ਨੇ ਆਪਣੀ ਬਚਤ ਦਾ ਉਪਯੋਗ ਲੋਕਾਂ ਨੂੰ ਰਾਸ਼ਣ ਉਪਲਭਧ ਕਰਵਾਉਣ ਵਿਚ ਕੀਤਾ ਹੈ।

ਉਨ੍ਹਾਂ ਪ੍ਰਨੀਤ ਕੌਰ ਨੂੰ ਦੂਜੇ ਟਵੀਟ ਵਿੱਚ ਕਿਹਾ ਕਿ ‘ਆਪਣੇ ਜੱਦੀ ਘਰ ਵਿਖੇ ਇੱਕ ਜਾਨਲੇਵਾ ਬੀਮਾਰੀ ਤੋਂ ਉੱਭਰਣ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੁਝ ਮਹੀਨੇ ਲੱਗੇ, ਤੁਹਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੀ ਮੈਡੀਕਲ ਰਿਪੋਰਟ ਦੇਖਣ ਲਈ ਤੁਹਾਡਾ ਸਵਾਗਤ ਹੈ।’

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਤਿੰਨ ਮੈਂਬਰੀ ਕਮੇਟੀ ਦਿੱਲੀ ਵਿਖੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ। ਅਜਿਹੇ ਵਿੱਚ ਨਵਜੋਤ ਸਿੱਧੂ ਖ਼ਿਲਾਫ਼ ਪ੍ਰਨੀਤ ਕੌਰ ਦੇ ਤਿੱਖੇ ਤੇਵਰਾਂ ਦੇ ਕਈ ਮਾਇਨੇ ਲਗਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਧੂ ਲਈ ਹੁਣ ਨਰਮੀ ਦੇ ਮੂਡ ਵਿੱਚ ਬਿਲਕੁਲ ਨਹੀਂ। ਕੈਪਟਨ ਅੱਜ ਜਾਂ ਫਿਰ ਭਲਕੇ ਤਿੰਨ ਮੈਂਬਰੀ ਕਮੇਟੀ ਨੂੰ ਮਿਲਣ ਵਾਲੇ ਹਨ।

Share This Article
Leave a Comment