ਨਵੀਂ ਦਿੱਲੀ : ਦੇਸ਼ ਅਤੇ ਵਿਦੇਸ਼ਾਂ ਵਿਚ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ, ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਉੱਤੇ ਪਾਬੰਦੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਤਾਜ਼ਾ ਨੋਟੀਫਿਕੇਸ਼ਨ ਦੇ ਅਨੁਸਾਰ, ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਹੁਣ 30 ਜੂਨ 2021 ਤੱਕ ਲਾਗੂ ਰਹੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ, ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਨੂੰ 31 ਮਈ ਤੱਕ ਵਧਾਇਆ ਗਿਆ ਸੀ।
— DGCA (@DGCAIndia) May 28, 2021
DGCA ਅਨੁਸਾਰ ਕਾਰਗੋ ਉਡਾਣਾਂ ‘ਤੇ ਕੋਈ ਰੋਕ ਨਹੀਂ ਹੋਵੇਗੀ । ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਪਾਬੰਦੀ ਡੀਜੀਸੀਏ ਦੁਆਰਾ ਮਨਜ਼ੂਰ ਸਾਰੀਆਂ ਕੌਮਾਂਤਰੀ ਕਾਰਗੋ ਉਡਾਣਾਂ ਅਤੇ ਉਡਾਣਾਂ ‘ਤੇ ਲਾਗੂ ਨਹੀਂ ਹੋਏਗੀ । ਯਾਨੀ ਕਾਰਗੋ ਅਤੇ ਹੋਰ ਆਗਿਆ ਪ੍ਰਾਪਤ ਉਡਾਣਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ । ਇਸ ਤੋਂ ਇਲਾਵਾ, ‘ਵੰਦੇ ਭਾਰਤ ਮਿਸ਼ਨ’ ਅਤੇ ‘ਟਰੈਵਲ ਬਬਲ’ ਨਾਲ ਸਾਰੀਆਂ ਨਿਰਧਾਰਤ ਉਡਾਣਾਂ ਪਹਿਲਾਂ ਵਾਂਗ ਉਡਾਣ ਭਰਨਗੀਆਂ । ਸਬੰਧਤ ਏਜੰਸੀਆਂ ਦੀ ਮਨਜ਼ੂਰੀ ਤੋਂ ਬਾਅਦ ਕੁਝ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ ।
ਜ਼ਿਕਰਯੋਗ ਹੈ ਕਿ ਕੋਵਿਡ -19 ਸੰਕ੍ਰਮਣ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਪਿਛਲੇ ਸਾਲ 23 ਮਾਰਚ 2020 ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਸੀ। ਘਰੇਲੂ ਉਡਾਣਾਂ 25 ਮਈ ਤੋਂ ਮੁੜ ਸ਼ੁਰੂ ਹੋਈਆਂ ਸਨ, ਪਰ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਜਾਰੀ ਰਹੀ , ਜਿਹੜੀ ਹੁਣ ਵੀ ਜਾਰੀ ਹੈ ।
ਹਾਲਾਂਕਿ, ਸਰਕਾਰ “ਵੰਦੇ ਭਾਰਤ ਮਿਸ਼ਨ” ਤਹਿਤ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਵਿਸ਼ੇਸ਼ ਅਭਿਆਨ ਚਲਾ ਰਹੀ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ਵੀ ‘ਬਾਇਓ ਬੱਬਲ’ ਦੇ ਅਧੀਨ ਚੱਲ ਰਹੀਆਂ ਹਨ ।