ਚੰਡੀਗੜ੍ਹ – ਹਰਿਆਣਾ ਪੁਲਿਸ ਨੇ ਸਾਈਬਰ ਜਾਲਸਾਜਾਂ ਵੱਲੋਂ ਟ੍ਰਾਂਸਪੋਰਟ ਸੇਵਾ ਦੀ ਫਰਜ਼ੀ ਵੈਬਸਾਈਟ ਬਣਾਉਣ ਅਤੇ ਇਸ ‘ਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਇਛੁੱਕ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਦੇ ਦੋਸ਼ ‘ਚ ਨਵੀਂ ਦਿੱਲੀ ਵਾਸੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰਾਂਸਪੋਰਟ ਸੇਵਾ ਦੀ ਫਰਜ਼ੀ ਵੈਬਸਾਈਟ ਤੋਂ ਠੱਗੀ ਦਾ ਇਹ ਮਾਮਲਾ ਹਿਸਾਰ ਵਾਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਠੱਗੀ ਦੇ ਸ਼ਿਕਾਰ ਵਿਅਕਤੀ ਨੇ https://e-parivahanindia.online ‘ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਆਨਲਾਈਨ ਬਿਨੈ ਤੇ ਫੀਸ ਦਾ ਭੁਗਤਾਨ ਕੀਤਾ ਸੀ। ਜਦੋਂ ਉਸ ਨੂੰ ਆਪਣੇ ਨਾਲ ਸਾਈਬਰ ਧੋਖੇ ਦਾ ਪਤਾ ਲੱਗਿਆ ਤਾਂ ਇਸ ਦੀ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਮਿਲਣ ‘ਤੇ ਸਾਈਬਰ ਕ੍ਰਾਇਮ ਦੀ ਟੀਮ ਤੁਰੰਤ ਤਫਤੀਸ਼ ‘ਚ ਜੁੱਟ ਗਈ ਅਤੇ ਤਕਨੀਕੀ ਜਾਂਚ ਵਿਚ ਅਪਰਾਧ ‘ਚ ਸ਼ਾਮਲ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਨੌਜਵਾਨ ਦੀ ਪਹਿਚਾਣ ਕਪਿਲ ਕੁਮਾਰ ਨਿਵਾਸੀ ਭਜਨਪੁਰਾ ਗੜੀ ਮਾਡੂ, ਨਵੀਂ ਦਿੱਲੀ ਵਜੋ ਹੋਈ ਹੈ।