ਚੰਡੀਗੜ੍ਹ, (ਅਵਤਾਰ ਸਿੰਘ); ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਜੈਵਿਕ ਵਿਭਿਨੰਤਾ ਹਫ਼ਤੇ ਦੌਰਾਨ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਰੋਜ਼ਾਨਾਂ ਵੈਬਨਾਰਾਂ ਦੀਆਂ ਲੜੀ ਚਲਾਈ ਜਾ ਰਹੀ ਹੈ। ਅੱਜ ਪਹਿਲੇ ਦਿਨ “ਤਿੱਤਲੀਆਂ, ਕੀੜਿਆਂ-ਮਕੌੜਿਆਂ ਦੀ ਵਿਭਨਿੰਤਾ ਅਤੇ ਵਾਤਾਵਰਣ ਨੂੰ ਬਣਾਈ ਰੱਖਣ ‘ਚ ਇਹਨਾਂ ਦੀ ਭੂਮਿਕਾ ਦੇ ਵਿਸ਼ੇ ‘ਤੇ ਵੈਬਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ 300 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਦੇ ਸਾਬਕਾ ਪ੍ਰੋ ਚਾਂਸਲਰ ਡਾ. ਐਚ.ਐਸ ਰੋਜ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਦਾ ਉਦੇਸ਼ ਆਮ ਲੋਕਾਂ ਵਿਚ ਜੈਵਿਕ-ਵਿਭਿੰਨਤਾ ਦੇ ਰੱਖ-ਰਖਾਵ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾ ਕਿਹਾ ਕਿ ਯੋਜਨਾਬੱਧ ਅਤੇ ਗੈਰਯੋਜਨਾਬੱਧ ਤਰੀਕੇ ਨਾਲ ਹੋ ਰਹੇ ਲਗਾਤਾਰ ਸ਼ਹਿਰੀ ਕਰਨ, ਵੱਧ ਰਹੀ ਜਨ-ਸੰਖਿਆ, ਉਦਯੋਗੀਕਕਰਨ ਅਤੇ ਏਕਧਿਕਾਰ ਦੇ ਯੁਗ ਵਿਚ ਜੈਵਿਕ-ਵਿਭਿੰਨਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈੇ।
ਉਨ੍ਹਾਂ ਕਿਹਾ ਕਿ ਤਿੱਤਲੀਆਂ ਅਤੇ ਦੂਸਰੇ ਛੋਟੇ-ਛੋਟੇ ਕੀੜਿਆਂ -ਮਕੌੜਿਆਂ ਦਾ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਵਿਚ ਬਹੁ਼ਤ ਅਹਿਮ ਰੋਲ ਹੈ। ਖੇਤੀ ਅਤੇ ਬਾਗਵਾਨੀਆਂ ਦੀਆਂ ਫ਼ਸਲਾਂ ਵਿਚ ਪੈਦਾ ਹੋਣ ਵਾਲੇ ਇਹ ਕੀੜੇ-ਮਕੌੜੇ ਜਿੱਥੇ ਭੋਜਨ ਲਈ ਬੂਰ ਦਾ ਸਰੋਤ ਹਨ, ਉੱਥੇ ਹੀ ਵਾਤਾਵਰਣ ਸੁੰਤਲਨ ਦਾ ਸੰਕੇਤਕ ਵੀ ਹਨ। ਉਨ੍ਹਾਂ ਅੱਗੋਂ ਕਿਹਾ ਕਿ ਵੱਖ-ਵੱਖ ਰੰਗਾਂ ਅਤੇ ਆਕਾਰ ਦੀਆਂ ਦਿਸਣ ਵਾਲੀਆਂ ਤਿੱਤਲੀਆਂ ਦੀਆਂ ਪੂਰੇ ਵਿਸ਼ਵ ਵਿਚ 28000 ਤੋਂ ਵੀ ਵੱਧ ਪ੍ਰਜਾਤੀਆ ਹਨ। ਇਹਨਾਂ ਵਿਚੋਂ 80 ਫ਼ੀਸਦ ਤਿੱਤਲੀਆਂ ਖੰਡੀ ਖੇਤਰਾਂ ਵਿਚ ਹੀ ਪਾਈਆਂ ਜਾਂਦੀਆਂ ਹਨ। ਇਹਨਾਂ ਦੇ ਜੀਵਨ ਦਾ ਨਿਰਭਾਅ ਸੁੰਗਧ ਅਤੇ ਪੱਕੇ ਹੋਏ ਫ਼ਲਾਂ ‘ਤੇ ਨਿਰਭਰ ਹੈ। ਭਾਵ ਜਿੱਥੇ ਪੱਕੇ ਹੋਏ ਫ਼ਲ ਅਤੇ ਸੁੰਗਧ ਹੋਵੇਗੀ, ਉੱਥੇ ਤਿੱਤਲੀਆਂ ਦੇਖਣ ਨੂੰ ਮਿਲਣਗੀਆਂ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵੈਬਨਾਰ ਵਿਚ ਹਾਜ਼ਰ ਵਿਦਿਅਰਥੀਆਂ ਅਤੇ ਅਧਿਅਪਕਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਧਰਤੀ ਤੇ ਪਾਏ ਜਾਣ ਵਾਲੀ ਜੈਵਿਕ-ਵਿਭਿੰਨਤਾ ਵਿਚੋਂ ਤਿੱਤਲੀਆਂ ਹੀ ਇਕ ਅਜਿਹਾ ਜੀਵ ਹੈ, ਜਿਹੜਾ ਕਿ ਵਾਤਾਰਵਣ ਬਦਲਾਵ ਭਾਵ ਤਾਪਮਾਨ,ਨਮੀ ਰੋਸ਼ਨੀ ਅਤੇ ਮੀਂਹ ਦੇ ਅਨੁਸਾਰ ਆਪਣੇ ਆਪ ਨੂੰ ਅਸਾਨੀ ਨਾਲ ਢਾਲ ਲੈਂਦਾ ਹੈ। ਤਿੱਤਲੀਆਂ ਨੂੰ ਉਡਦੇ ਹੋਏ ਫ਼ੁੱਲ ਕਿਹਾ ਜਾਂਦਾ ਹੈ ਅਤੇ ਜਦੋਂ ਇਹ ਉਡਦੀਆਂ ਹਨ ਤਾਂ ਨਜ਼ਾਰਾ ਦੇਖਿਆਂ ਹੀ ਬਣਦਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਬਗੀਚਿਆਂ ਵਿਚ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ ਤਾਂ ਜੋ ਅਸੀਂ ਕਦਰਤ ਦੀ ਇਸ ਦਾਤ ਨੂੰ ਵੱਧ ਤੋਂ ਵੱਧ ਪਨਪਣ ਦਾ ਮੌਕਾ ਸਕੀਏ।
ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿ ਭਾਰਤ ਦੇ ਮਹਾਨਗਰਾਂ ਦੇ ਸ਼ਹਿਰਾਂ ਵਿਚ ਉਦਯੋਗਾਂ ਅਤੇ ਵਾਹਨਾਂ ਦਾ ਪ੍ਰਦੂਸ਼ਣ ਖਤਰੇ ਦੇ ਨਿਸ਼ਾਨ ਤੇ ਹੈ। ਇਸ ਦੌਰਾਨ ਸਾਨੂੰ ਆਪਣੇ ਬਗੀਚਿਆਂ ਵਿਚ ਅਜਿਹੇ ਪੌਦੇ ਲਗਾਉਣੇ ਚਾਹੀਦੇ ਹਨ, ਜਿਹਨਾਂ ਤੋਂ ਤਿੱਤਲੀਆ ਨੂੰ ਸਾਰਾ ਸਾਲ ਭੋਜਨ ਮਿਲ ਸਕੇ। ਅਜਿਹਾ ਕਰਕੇ ਅਸੀਂ ਜਿੱਥੇ ਇਹਨਾਂ ਜੀਵਾਂ ਬਚਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੇ ਹਾਂ, ਉੱਥੇ ਹੀ ਵਾਤਾਵਰਣ ਨੂੰ ਵੀ ਬਚਾਇਆ ਜਾ ਸਕਦਾ ਹੈ।