ਕੋਰੋਨਾ ਦੇ ਲੈਵਲ-3 ਤੱਕ ਪਹੁੰਚਣ ਦੀ ਨੌਬਤ ਨਾ ਆਉਣ ਦਿਓ : ਕੈਪਟਨ ਦੀ ਲੋਕਾਂ ਨੂੰ ਅਪੀਲ

TeamGlobalPunjab
2 Min Read

ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਵ ਹੋਏ । ਉਹਨਾਂ ਪੰਜਾਬ ਵਿਚ ਕੋਰੋਨਾ ਦੇ ਹਾਲਾਤਾਂ ਨੂੰ ਲੈ ਕੇ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ । ਕੈਪਟਨ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਿਮਾਰ ਹੋਣ ‘ਤੇ ਜਲਦ ਤੋਂ ਜਲਦ ਡਾਕਟਰ ਨੂੰ ਮਿਲਿਆ ਜਾਵੇ ਅਤੇ ਡਾਕਟਰ ਹੀ ਤੈਅ ਕਰਨਗੇ ਕਿ ਕੋਰੋਨਾ ਹੈ ਜਾਂ ਨਹੀਂ।

ਕੈਪਟਨ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਕੋਰੋਨਾ ਦੇ ਤੀਸਰੇ ਪੱਧਰ ਤੱਕ ਨਾ ਲੈ ਕੇ ਜਾਣ, ਪਹਿਲਾਂ ਹੀ ਇਸ ‘ਤੇ ਕਾਬੂ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਤੋਂ ਬਾਅਦ ਬਿਮਾਰੀ ਪਿੰਡਾਂ ‘ਚ ਫੈਲ ਰਹੀ ਹੈ, ਜਿਸ ਲਈ ਪਿੰਡਾਂ ਵਿੱਚ ਚੌਕਸੀ ਦੀ ਵਧੇਰੇ ਜ਼ਰੂਰਤ ਹੈ।

ਮੁੱਖ ਮੰਤਰੀ ਨੇ ਅਗਲੇ ਦੋ ਮਹੀਨੇ ਪੇਂਡੂ ਇਲਾਕਿਆਂ ਵਿਚ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ ਅਤੇ ਆਉਂਦੇ ਦੋ ਮਹੀਨਿਆਂ ਨੂੰ ਬਹੁਤ ਹੀ ਗੰਭੀਰ ਸਮਾਂ ਦੱਸਿਆ।

ਸੀ.ਐੱਮ. ਨੇ ਕਿਹਾ,“ਹੁਣ ਦਿਹਾਤੀ ਖੇਤਰਾਂ ਵਿਚ ਕੋਵਿਡ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਸੰਭਲਣ ਦੀ ਲੋੜ ਹੈ।”

ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਬਾਹਰੀ ਲੋਕਾਂ ਨੂੰ ਦੂਰ ਰੱਖਣ ਅਤੇ ਸਿਰਫ਼ ਕੋਵਿਡ ਮੁਕਤ ਲੋਕਾਂ ਨੂੰ ਪਿੰਡਾਂ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

 

ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਪਰਿਵਾਰਾਂ, ਮੁਹੱਲਿਆਂ, ਪਿੰਡਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਹਿਯੋਗ ਕੀਤਾ ਜਾਵੇ ਤਾਂ ਜੋ ਪੰਜਾਬ ਇਸ ਭਿਆਨਕ ਮਹਾਂਮਾਰੀ ਤੋਂ ਬਾਹਰ ਨਿਕਲ ਸਕੇ।

 

Share This Article
Leave a Comment