ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਡਾ਼. ਰਿਣਵਾ ਨੂੰ ਥਾਪਿਆ ਪਾਰਟੀ ਦਾ ਜਨਰਲ ਸਕੱਤਰ
ਚੰਡੀਗੜ੍ਹ (ਬਿੰਦੂ ਸਿੰਘ): ਸੂਬੇ ਦੀਆਂ ਵਿਧਾਨਸਭਾ ਚੋਣਾਂ ਵਿੱਚ ਹਾਲੇ ਸਮਾਂ ਬਾਕੀ ਹੈ ਪਰ ਇਸ ਤੋਂ ਪਹਿਲਾਂ ਵੱਡੇ ਸਿਆਸੀ ਆਗੂਆਂ ਦੇ ਦਲ-ਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੈ । ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਡਾ. ਮਹਿੰਦਰ ਸਿੰਘ ਰਿਣਵਾ ਨੇ ਵੀਰਵਾਰ ਨੂੰ ਅਕਾਲੀ ਦਲ ਦੀ ‘ਤੱਕੜੀ’ ਫੜ੍ਹ ਲਈ ।
ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਧਾਨ ਸੁਖਬੀਰ ਬਾਦਲ ਨੇ ਮਹਿੰਦਰ ਰਿਣਵਾ ਨੂੰ ਪਾਰਟੀ ‘ਚ ਸ਼ਾਮਲ ਕੀਤਾ ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਰਿਣਵਾ ਨੂੰ ਵੱਡਾ ਅਹੁਦਾ ਵੀ ਦੇ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਰਿਣਵਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।
Welcomed Sr Cong leader & two-time MLA from Fazilka Dr Mohinder Rinwa into SAD fold and appointed him Gen Secy of the party. His joining will further strengthen the @Akali_Dal_ in Malwa region. I assure all his supporters will get due respect & recognition in the party. pic.twitter.com/3ZcnWOXCXw
— Sukhbir Singh Badal (@officeofssbadal) May 13, 2021
ਰਿਣਵਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਖਬੀਰ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ‘ਚ ਫਾਜ਼ਿਲਕਾ ਤੋਂ ਹੁਣ ਸਿਰਫ਼ ਸੁਨੀਲ ਜਾਖੜ ਹੀ ਰਹਿ ਗਏ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹੀ ਡਾ. ਮਹਿੰਦਰ ਸਿੰਘ ਰਿਣਵਾ ਨੇ ਵੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਾਖੜ ਦੇ ਇਸ਼ਾਰੇ ‘ਤੇ ਅੱਸੀ ਸਾਲ ਦੇ ਬਜ਼ੁਰਗਾਂ ਤੱਕ ਉੱਪਰ ਪਰਚੇ ਕੀਤੇ ਗਏ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਕੀਤੇ।
ਦੱਸ ਦਈਏ ਕਿ ਮਹਿੰਦਰ ਰਿਣਵਾ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸਾਲ 2002 ‘ਚ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ ਸਨ। ਜਦਕਿ 1992 ‘ਚ ਉਹ ਇੱਥੋਂ ਆਜ਼ਾਦ ਤੌਰ ‘ਤੇ ਚੋਣ ਜਿੱਤੇ ਸਨ।
ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਿਣਵਾ ਨੇ ਦਵਿੰਦਰ ਸਿੰਘ ਘੁਬਾਇਆ ਨੂੰ ਟਿਕਟ ਦੇਣ ਦੇ ਪਾਰਟੀ ਦੇ ਫੈਸਲੇ ਖਿਲਾਫ ਸਖ਼ਤ ਵਿਰੋਧ ਜਤਾਇਆ ਸੀ। ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ, ਪਾਰਟੀ ਉਸ ਵਕਤ ਰਿਣਵਾ ਨੂੰ ਮਨਾਉਣ ਵਿਚ ਕਾਮਯਾਬ ਰਹੀ ਸੀ।
ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਰਿਣਵਾ ਨੂੰ ਰੋਕਣ ਲਈ ਪੰਜਾਬ ਕਾਂਗਰਸ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ।