ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਵੀਕਐਂਡ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਮੁਹਾਲੀ ਅਤੇ ਪੰਚਕੂਲਾ ਦੀ ਤਰਜ਼ ‘ਤੇ ਸ਼ਨੀਵਾਰ ਨੂੰ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਦੀਆਂ ਪਾਬੰਦੀਆਂ ਲਗਾਉਣ ਦੇ ਫੈਸਲੇ ਨੂੰ ਪਹਿਲਾਂ ਵਾਪਸ ਲੈ ਲਿਆ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਦੌਰਾਨ ਕਰਫਿਊ ਨਾ ਲਾਉਣ ਦਾ ਐਲਾਨ ਕੀਤਾ ਸੀ
ਸ਼ੁੱਕਰਵਾਰ ਨੂੰ ਯੂ.ਟੀ. ਐਡਵਾਇਜ਼ਰ ਮਨੋਜ ਪਰੀਦਾ ਵਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ,”ਮੁਹਾਲੀ ਅਤੇ ਪੰਚਕੂਲਾ ਵਾਂਗ ਹੀ ਚੰਡੀਗੜ੍ਹ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕੋਰੋਨਾ ਕਰਫ਼ਿਊ ਲਾਗੂ ਹੋਵੇਗਾ।“
ਚੰਡੀਗੜ੍ਹ ਵਿੱਚ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਲਾਗੂ ਰਹੇਗਾ। ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਧਦੇ ਜਾਣ ਕਾਰਨ ਹਾਲਾਤ ਦਿਨੋਂ ਦਿਨ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਪਿੱਛਲੇ 24 ਘੰਟੇ ਵਿੱਚ ਕੋਰੋਨਾ ਦੇ 724 ਨਵੇਂ ਮਾਮਲੇ ਸਾਹਮਣੇ ਆਏ ਜਦਕਿ 13 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲਿਆਂ ਵਾਂਗ ਹੀ ਚੰਡੀਗੜ੍ਹ ਵਿਚ ਕੋਵਿਡ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।
ਉਧਰ ਹਰਿਆਣਾ ਨੇ ਵੀ ਪੰਚਕੂਲਾ ਸਮੇਤ ਆਪਣੇ 9 ਜ਼ਿਲ੍ਹਿਆਂ ਵਿੱਚ ਵੀਕਐਂਡ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਹੈ। ਅਜਿਹਾ ਇਹਨਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ।