-ਅਵਤਾਰ ਸਿੰਘ
22 ਅਪ੍ਰੈਲ ਦਾ ਦਿਹਾੜਾ ਸੰਸਾਰ ਭਰ ਵਿੱਚ ਧਰਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਮੁਲਕਾਂ ਵਿੱਚ ਹਰ ਪੱਧਰ ‘ਤੇ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਕਿ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਪ੍ਰਤੀ ਨਾਗਰਿਕਾਂ ਦੀ ਚੇਤਨਾ ਵੱਧ ਸਕੇ ਅਤੇ ਉਹ ਧਰਤੀ ਦੀ ਸੰਭਾਲ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।
ਅਸਲ ਵਿੱਚ ਧਰਤੀ ਅਤੇ ਇਸ ਦੀ ਸੰਭਾਲ ਐਨਾ ਵੱਡਾ ਮੁੱਦਾ ਹੈ ਕਿ ਇਸ ਕੰਮ ਲਈ ਪੂਰੀ ਮਨੁੱਖਤਾ ਨੂੰ ਇਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ। ਇਸ ਸਾਲ ਇਸ ਦਿਵਸ ਦੀ 51ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ।
ਥੋੜ੍ਹਾ ਇਤਿਹਾਸਕ ਪਿਛੋਕੜ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਿਵਸ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ ਸੀ, ਜਦੋਂ ਵਾਤਾਵਰਨੀ ਵਿਗਾੜਾਂ ਤੋਂ ਚਿੰਤਤ ਹੋਏ ਅਮਰੀਕੀਆਂ ਨੇ ਇਕੱਠੇ ਹੋ ਕੇ 51ਸਾਲ ਪਹਿਲਾਂ ਬਹੁਤ ਵੱਡੇ ਜਲੂਸ-ਜਲਸੇ ਕੱਢੇ, ਰੈਲੀਆਂ ਕੀਤੀਆਂ ਅਤੇ ਸਰਕਾਰ ‘ਤੇ ਦਬਾਅ ਪਾਇਆ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਧਰਤੀ ਅਤੇ ਇਸ ਦੇ ਵਾਤਾਵਰਨ ਦੀ ਸੰਭਾਲ ਕੀਤੀ ਜਾਵੇ।
ਉਹ ਲੋਕ, ਜੋ ਉਦੋਂ ਦੀ ਅਮਰੀਕੀ ਵੱਸੋਂ ਦਾ ਕਰੀਬ 10ਵਾਂ ਹਿੱਸਾ ਸਨ, ਧਰਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਠੋਸ ਉਪਰਾਲਿਆਂ ਦੀ ਮੰਗ ਕਰ ਰਹੇ ਸਨ।
ਐਨੇ ਵੱਡੇ ਜਨ-ਸਮੂਹ ਦੁਆਰਾ ਚੱਕੀ ਗਈ ਮੰਗ ਨੇ ਅਮਰੀਕਾ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਨਤੀਜਾ ਇਹ ਹੋਇਆ ਕਿ ਛੇਤੀ ਹੀ ਧਰਤੀ ਅਤੇ ਇਸ ਦੇ ਵਾਤਾਵਰਨ ਦੀ ਸੰਭਾਲ ਲਈ ਕਾਨੂੰਨ ਬਣਾਏ ਜਾਣ ਲੱਗੇ।
ਕਾਨੂੰਨਾਂ ਤੋਂ ਬਿਨਾਂ ਅਮਰੀਕਾ ਸਰਕਾਰ ਨੇ ਇੱਕ ਵਾਤਾਵਰਨ ਸੁਰੱਖਿਆ ਏਜੰਸੀ (ਈਪੀਏ) ਦੀ ਸਥਾਪਨਾ ਵੀ ਕੀਤੀ ਤਾਂ ਜੋ ਵਾਤਾਵਰਨੀ ਵਿਗਾੜਾਂ ਕਾਰਨ ਧੁੰਦਲਾ ਹੁੰਦਾ ਦਿਸ ਰਿਹਾ ਲੋਕਾਂ ਦਾ ਭਵਿੱਖ ਕੁਝ ਸੰਭਾਲਿਆ ਜਾ ਸਕੇ।
ਛੇਤੀ ਹੀ ਬਾਕੀ ਦੇ ਦੇਸ਼ਾਂ ਨੇ ਜਨਤਕ ਦਬਾਅ ਮਹਿਸੂਸ ਕਰਦੇ ਹੋਏ ਧਰਤੀ ਦੀ ਸੰਭਾਲ ਲਈ ਕਾਨੂੰਨ ਬਨਾਉਣੇ ਸ਼ੁਰੂ ਕਰ ਦਿੱਤੇ। ਭਾਰਤ ਵਿੱਚ ਸੰਨ 1972 ਵਿੱਚ ਵਾਤਾਵਰਨ ਸਬੰਧੀ ਨਿਤੀ-ਨਿਰਧਾਰਨ ਅਤੇ ਯੋਜਨਾਬੰਦੀ ਲਈ ਇੱਕ ਰਾਸ਼ਟਰੀ ਪ੍ਰੀਸ਼ਦ ਸਥਾਪਤ ਕਰ ਦਿੱਤੀ ਗਈ।
ਇਹੀ ਪ੍ਰੀਸ਼ਦ ਬਾਅਦ (1985) ਵਿੱਚ ‘ਵਾਤਾਵਰਨ ਅਤੇ ਜੰਗਲਾਤ ਮੰਤਰਾਲਾ’ ਬਣੀ ਅਤੇ ਅੱਜ ਕੱਲ੍ਹ (ਮਈ 2014 ਤੋਂ) ਇਹ ‘ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰਾਲਾ’ ਹੈ।
ਭਾਰਤ ਨੇ ਸੰਨ 1972 ਵਿੱਚ ‘ਜੰਗਲੀ ਜੀਵਨ (ਸੁਰੱਖਿਆ) ਕਾਨੂੰਨ’ ਅਤੇ ਸੰਨ 1974 ਵਿੱਚ ‘ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਕਾਨੂੰਨ’ ਪਾਸ ਕਰ ਦਿੱਤਾ ਸੀ।
ਸੰਨ 2016 ਵਿੱਚ ਇਸੇ ਵਿਸ਼ਵ ਧਰਤ ਦਿਵਸ ਮੌਕੇ ‘ਪੈਰਿਸ ਸਮਝੌਤੇ’ ਉੱਤੇ ਦੁਨੀਆਂ ਦੇ 195 ਮੁਲਕਾਂ ਨੇ ਸਹੀ ਪਾਈ। ਇਸ ਸਮਝੌਤੇ ਦਾ ਉਦੇਸ਼ ਹੈ – ਜਲਵਾਯੂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਨੂੰ ਠੱਲ੍ਹਣ ਵਾਸਤੇ ਬਣਦੇ ਉਪਾਅ ਕਰਨਾ।
ਅਸਲ ਵਿੱਚ ਪੂਰੇ ਬ੍ਰਹਿਮੰਡ ਵਿੱਚ ਕੇਵਲ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ। ਸੂਰਜ ਮੰਡਲ ਦੇ ਬਾਕੀ ਸੱਤ ਗ੍ਰਹਿਆਂ ‘ਤੇ ਜੀਵਨ ਦੇ ਪਨਪਣ ਲਈ ਲੋੜੀਂਦੀਆਂ ਹਾਲਤਾਂ ਨਹੀਂ ਹਨ।
ਸਾਡੀ ਲਾਪਰਵਾਹੀ ਅਤੇ ਲਾਲਚ ਦਾ ਆਲਮ ਇਹ ਹੋ ਗਿਆ ਹੈ ਕਿ ਅਸੀਂ ਅੱਜ ਇਸ ਧਰਤੀ, ਜਿਸ ਨੂੰ ਭਾਰਤੀ ਸੱਭਿਅਤਾ ਵਿੱਚ ‘ਮਾਂ’ ਕਿਹਾ ਗਿਆ ਹੈ, ਦੇ ਹਰ ਕੋਨੇ ਅਤੇ ਹਰ ਅੰਸ਼ ਨੂੰ ਪਲੀਤ ਕਰ ਦਿੱਤਾ ਹੈ। ਤੇਜ਼ੀ ਨਾਲ ਹੋ ਰਹੇ ਵਿਨਾਸ਼ਕਾਰੀ ਵਿਕਾਸ, ਆਪੋ-ਧਾਪੀ ਵਾਲੀ ਜ਼ਿੰਦਗੀ, ਸ਼ਹਿਰੀਕਰਨ ਅਤੇ ਉਦਯੋਗੀਕਰਨ ਨੇ ਧਰਤੀ ਮਾਂ ਦਾ ਸੀਨਾ ਛਲਣੀ ਕਰ ਕੇ ਰੱਖ ਦਿੱਤਾ ਹੈ। ਤੇਜ਼ੀ ਨਾਲ ਵਧ ਰਹੀ ਅਬਾਦੀ ਨੇ ਬਲਦੀ ਉੱਤੇ ਘੀ ਦਾ ਕੰਮ ਕੀਤਾ ਹੈ।
ਅੱਜ ਧਰਤੀ ਦਾ ਹਰ ਅੰਸ਼ – ਚਾਹੇ ਉਹ ਹਵਾ ਹੋਵੇ, ਪਾਣੀ ਹੋਵੇ, ਜੰਗਲੀ ਰਕਬਾ ਹੋਵੇ ਜਾਂ ਮਿੱਟੀ ਹੋਵੇ ਪ੍ਰਦੂਸ਼ਿਤ ਹੋਇਆ ਪਿਆ ਹੈ। ਸ਼ਹਿਰੀ ਹਵਾ ਸਾਹ ਲੈਣ ਲਾਇਕ ਨਹੀਂ ਰਹੀ, ਪਾਣੀ ਪੀਣ ਯੋਗ ਨਹੀਂ ਰਿਹਾ। ਮਹਾਂਨਗਰਾਂ ਦੀ ਹਾਲਤ ਤਾਂ ਬਿਆਨ ਕਰਨ ਦੀ ਸੀਮਾ ਵੀ ਪਾਰ ਕਰ ਚੁੱਕੀ ਹੈ।
ਵਿਭਿੰਨ ਤਰ੍ਹਾਂ ਦੇ ਪ੍ਰਦੂਸ਼ਣਾਂ ਕਾਰਨ ਸੈਂਕੜੇ ਲੋਕੀ ਤੜਪ ਤੜਪ ਕੇ ਮਰ ਰਹੇ ਹਨ। ਬੱਚੇ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਰਹੇ ਹਨ, ਔਰਤਾਂ ਬਾਂਝ ਹੋ ਰਹੀਆਂ ਹਨ। ਸਾਹ, ਦਿਲ ਅਤੇ ਚਮੜੀ ਦੀਆਂ ਬਿਮਾਰੀਆਂ ਰੋਜ਼ਾਨਾ ਜ਼ਿੰਦਗੀ ਦਾ ਅੰਗ ਇਸ ਤਰ੍ਹਾਂ ਬਣ ਗਈਆਂ ਹਨ ਕਿ ਨਵੀਂ ਪੀੜ੍ਹੀ ਨੂੰ ਤਾਂ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਸਭ ਕੁਝ ਗ਼ਲਤ ਹੋ ਰਿਹਾ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ ਵਾਲੇ ਸਿਧਾਂਤ ਦੇ ਪਹਿਰੇਦਾਰ ਅਖਵਾਉਂਦੇ ਪੰਜਾਬ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈ। ਹਵਾ ਫਿਲਟਰਾਂ ਅਤੇ ਪਾਣੀ ਸਾਫ ਕਰਨ ਵਾਲੀਆਂ ਮਸ਼ੀਨਾਂ ਤੋਂ ਬਿਨਾਂ ਪੰਜ ਪਾਣੀਆਂ ਦੀ ਇਸ ਧਰਤੀ (ਪੰਜਾਬ) ‘ਤੇ ਰੋਜ਼ ਬੋਤਲਾਂ ‘ਚ ਵਿਕਦਾ ਬੰਦ ਪਾਣੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਧਰਤੀ ਮਾਤਾ ਦੇ ਕੁਦਰਤੀ ਸੋਮੇ ਪਲੀਤ ਕਰ ਦਿੱਤੇ ਹਨ। ਕਿਸਾਨਾਂ ਦੇ ਖੂਨ ਅਤੇ ਮਾਵਾਂ ਦੇ ਦੁੱਧ ‘ਚ ਕੀਟਨਾਸ਼ਕ ਖਤਰਨਾਕ ਹੱਦ ਤੱਕ ਸਮਾਅ ਚੁੱਕੇ ਹਨ।
ਤ੍ਰਾਸਦੀ ਇਹ ਹੈ ਕਿ ਇਸ ਸਭ ਦਾ ਜ਼ਿੰਮੇਵਾਰ ਇਸ ਧਰਤ ਦਾ ਸਭ ਤੋਂ ਬੁੱਧੀਮਾਨ ਸਮਝਿਆ ਜਾਣ ਵਾਲਾ ਪ੍ਰਾਣੀ ਯਾਨੀ ਕਿ ਮਨੁੱਖ ਹੈ। ਮੌਜੂਦਾ ਕਰੋਨਾ ਮਹਾਂਮਾਰੀ ਕਾਰਨ ਜੇਕਰ ਤਾਲਾਬੰਦੀ ਨਾ ਹੋਈ ਹੁੰਦੀ ਤਾਂ ਅੱਜ ਸ਼ਾਇਦ ਕੋਈ ਹੀ ਵਿਸ਼ਵਾਸ ਕਰ ਸਕਦਾ ਕਿ ਕਦੇ ਐਥੋਂ ਦਾ ਪੌਣ-ਪਾਣੀ ਐਨਾ ਸਾਫ ਹੁੰਦਾ ਸੀ ਕਿ ਜਲੰਧਰ ਖੜ੍ਹ ਕੇ ਦੋ ਸੌ ਕਿਲੋਮੀਟਰ ਦੂਰ ਪਹਾੜ ਨੰਗੀ ਅੱਖ ਨਾਲ ਦਿਸ ਜਾਇਆ ਕਰਦੇ ਸਨ, ਕੁਦਰਤ ਐਨੀ ਅਜ਼ਾਦ ਹੁੰਦੀ ਸੀ ਕਿ ਹਾਥੀ ਆਮ ਘੁੰਮਦੇ ਅਤੇ ਮੋਰ ਘਰਾਂ ਦੇ ਲਾਗੇ ਪੈਲਾਂ ਪਾਉਂਦੇ ਮਿਲ ਜਾਂਦੇ ਸਨ, ਚਿੜੀਆਂ ਦੀ ਚਹਿਚਹਾਟ ਸਦਾ ਸਾਡੇ ਕੰਨਾਂ ਵਿੱਚ ਗੂੰਜਦੀ ਹੁੰਦੀ ਸੀ ਅਤੇ ਦਰਿਆ ਐਨੇ ਸ਼ੀਤਲ ਅਤੇ ਨਿਰਮਲ ਵਗਦੇ ਹੁੰਦੇ ਸਨ ਕਿ ਕੋਈ ਵੀ ਕਿਤੇ ਵੀ ਇਨ੍ਹਾਂ ਦਾ ਪਾਣੀ ਬਿਨਾ ਪੁਣ-ਛਾਣ ਕੀਤਿਆਂ ਪੀ ਲੈਂਦਾ ਸੀ।
ਜੇ ਅਸੀਂ ਸੱਚਮੁੱਚ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਉਂਦੇ ਰਹਿਣ ਜੋਗੀ ਧਰਤੀ ਦੇ ਕੇ ਹੀ ਇਸ ਸੰਸਾਰ ਤੋਂ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਚੌਕਸ ਹੋ ਕੇ ਕੁਝ ਉਪਾਅ ਕਰਨੇ ਪੈਣੇ ਆ ਜਿਵੇ ਕਿ ਕਾਗਜ਼ ਦੇ ਲਿਫ਼ਾਫੇ ਬਣਾਉਣਾ।ਜਿਨ੍ਹਾਂ ਬਿਜਲੀ ਯੰਤਰਾਂ ਦੀ ਵਰਤੋਂ ਨਹੀਂ ਹੋ ਰਹੀ ਉਹਨਾ ਨੂੰ ਬੰਦ ਕਰਨਾ।
ਪਲਾਸਟਿਕ ਬੈਗ ਨੂੰ “ਨਾ” ਕਹੋ; ਕਾਗਜ਼ ਬੈਗ ਦੀ ਚੋਣ ਕਰਨੀ। ਨੇੜਲੀ ਜਗ੍ਹਾ ’ਤੇ ਜਾਣ ਲਈ ਪੈਦਲ ਜਾਂ ਸਾਈਕਲ ਦਾ ਪ੍ਰਯੋਗ ਕਰਨਾ।ਕਾਗਜ਼ ਦੀ ਘੱਟ ਵਰਤੋਂ ਕਰੋ, ਜਿੱਥੇ ਵੀ ਸੰਭਵ ਹੋਵੇ ਡਿਜ਼ੀਟਲ ਤਕਨਾਲੋਜੀ ਨੂੰ ਵਰਤੋਂ ਕਰਨੀ।
ਪਾਣੀ ਦੀ ਬਚਤ ਕਰਨੀ,ਜਨਤਕ ਸਥਾਨ ਵਿੱਚ ਕੂੜਾ ਨਾ ਸੁਟਣਾ। ਸੀ.ਐਫ.ਐਲ ਬਲਬ ਨੂੰ ਤਰਜੀਹ ਦੇਣੀ। ਗੈਸ ਦੀ ਖ਼ਪਤ ਨੂੰ ਬਚਾਉਣ ਲਈ ਕਾਰ ਦੇ ਟਾਇਰਾਂ ਵਿੱਚ ਹਵਾ ਸਹੀ ਢੰਗ ਨਾਲ ਭਰੋ।