ਇਸਲਾਮਾਬਾਦ :- ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਸਾਹਮਣੇ ਲੱਗਦਾ ਹੈ ਪਾਕਿਸਤਾਨ ਸਰਕਾਰ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪਾਕਿ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫਰਾਂਸੀਸੀ ਰਾਜਦੂਤ ਨੂੰ ਬਰਖ਼ਾਸਤ ਕਰਨ ਲਈ ਉਹ ਸੰਸਦ ‘ਚ ਮਤਾ ਪੇਸ਼ ਕਰੇਗੀ। ਇਸ ਤੋਂ ਇਲਾਵਾ ਟੀਐੱਲਐੱਫ ਖ਼ਿਲਾਫ਼ ਦਰਜ ਸਾਰੇ ਮਾਮਲਿਆਂ ਨੂੰ ਵਾਪਸ ਲਿਆ ਜਾਵੇਗਾ।
ਦੱਸ ਦਈਏ ਫ਼ਰਾਂਸੀਸੀ ਰਾਜਦੂਤ ਦੀ ਬਰਖ਼ਾਸਤਗੀ ਕੱਟੜਪੰਥੀ ਇਸਲਾਮਿਕ ਪਾਰਟੀ ਦੀਆਂ ਚਾਰ ਪ੍ਰਮੁੱਖ ਮੰਗਾਂ ‘ਚ ਸ਼ਾਮਲ ਹੈ। ਇਸਦੇ ਵਰਕਰਾਂ ਵੱਲੋਂ ਦੇਸ਼ ਭਰ ‘ਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਦੇ ਬਾਅਦ ਪਿਛਲੇ ਹਫ਼ਤੇ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਸਤੋਂ ਇਲਾਵਾ ਬੀਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਮੰਤਰੀ ਦੇ ਬਿਆਨ ਦੇ ਕੁਝ ਹੀ ਦੇਰ ਬਾਅਦ ਐਲਾਨ ਕੀਤਾ ਗਿਆ ਕਿ ਸੰਸਦ ਦੀ ਬੈਠਕ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਗਿਆ ਹੈ। 20 ਅਪ੍ਰਰੈਲ ਨੂੰ ਦੁਪਹਿਰ ਬਾਅਦ ਤਿੰਨ ਵਜੇ ਤੋਂ ਇਸਦਾ ਸੈਸ਼ਨ ਮੁੜ ਬੁਲਾਇਆ ਗਿਆ ਹੈ। ਰਾਸ਼ਿਦ ਨੇ ਕਿਹਾ ਕਿ ਟੀਐੱਲਐੱਫ ਲਾਹੌਰ ਤੇ ਦੇਸ਼ ਦੀਆਂ ਹੋਰ ਥਾਵਾਂ ਤੋਂ ਆਪਣਾ ਧਰਨਾ ਖਤਮ ਕਰਨ ਲਈ ਸਹਿਮਤ ਹੋ ਗਿਆ ਹੈ।