ਵਾਸ਼ਿੰਗਟਨ :- ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਅਫ਼ਗਾਨਿਸਤਾਨ ਤੋਂ 11 ਸਤੰਬਰ ਤਕ ਅਮਰੀਕੀ ਦਸਤਿਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਇਸ ਜੰਗ ਪ੍ਰਭਾਵਿਤ ਦੇਸ਼ ‘ਚ ਆਪਣੇ ਫ਼ੌਜੀਆਂ ਦੀ ਗਿਣਤੀ ਵਧਾ ਸਕਦਾ ਹੈ।
ਦੱਸ ਦਈਏ ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਹੈ ਕਿ ਮੈਂ ਅਜੇ ਇਹ ਨਹੀਂ ਦੱਸ ਸਕਦਾ ਕਿ ਇਹ ਪ੍ਰਕਿਰਿਆ ਕਿਵੇਂ ਹੋਵੇਗੀ ਤੇ ਇਸ ਦੌਰਾਨ ਕਿੰਨੇ ਫ਼ੌਜੀਆਂ ਦੀ ਤਾਇਨਾਤੀ ਕੀਤੀ ਜਾਵੇਗੀ।
ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਫ਼ਗਾਨਿਸਤਾਨ ਤੋਂ 11 ਸਤੰਬਰ ਤਕ ਅਮਰੀਕੀ ਤਕ ਅਮਰੀਕੀ ਬਲਾਂ ਨੂੰ ਵਾਪਸ ਬੁਲਾ ਲਿਆ ਜਾਵੇਗਾ। ਬਾਇਡਨ ਨੇ ਕਿਹਾ ਸੀ ਕਿ ਹਜ਼ਾਰਾਂ ਫ਼ੌਜੀਆਂ ਨੂੰ ਸਿਰਫ਼ ਇਕ ਦੇਸ਼ ਦੀ ਸੁਰੱਖਿਆ ‘ਤੇ ਕੇਂਦਰਤ ਕਰਨਾ ਤੇ ਅਰਬਾਂ ਡਾਲਰ ਖ਼ਰਚ ਕਰਨਾ ਸਹੀ ਫ਼ੈਸਲਾ ਨਹੀਂ ਹੈ। ਅਫ਼ਗਾਨਿਸਤਾਨ ‘ਚ ਹਾਲੇ ਵੀ ਢਾਈ ਤੋਂ ਤਿੰਨ ਹਜ਼ਾਰ ਅਮਰੀਕੀ ਫ਼ੌਜੀ ਹਨ।