ਹੁਸ਼ਿਆਰਪੁਰ : ਕੇਂਦਰੀ ਜੇਲ੍ਹ ਹੁਸ਼ਿਆਰਪੁਰ ‘ਚ ਇਕ ਨੌਜਵਾਨ ਦੀ ਭੇਦਭਰੀ ਹਾਲਤ ‘ਚ ਹੋਈ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਭੇਦਭਰੇ ਹਲਾਤਾਂ ਵਿੱਚ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅਕਸਰ ਵਿਵਾਦਾਂ ਚ ਰਹਿੰਦੀ ਹੈ। ਜਿਸਦੇ ਚੱਲਦੇ ਅੱਜ ਜੇਲ੍ਹ ਚ ਬੰਦ ਮਨੀ ਪ੍ਰਤਾਪ ਅੰਮ੍ਰਿਤਸਰੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਮਨੀ ਪ੍ਰਤਾਪ ਕਤਲ ਦੇ ਮਾਮਲੇ ਤਹਿਤ ਸਜ਼ਾ ਕੱਟ ਰਿਹਾ ਸੀ ਪਰ ਜੇਲ੍ਹ ਪ੍ਰਸ਼ਾਸਨ ਸਜ਼ਾ ਦੇ ਦੌਰਾਨ ਉਸ ਨੂੰ ਟਾਰਚਰ ਕਰਦਾ ਸੀ।
ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਲੜਕੇ ਨੂੰ 14 ਤੋਂ 18 ਘੰਟੇ ਚੱਕੀ ‘ਚ ਬੰਦ ਰੱਖਿਆ ਜਾਂਦਾ ਸੀ। ਜਿਸ ਕਾਰਨ ਉਹ ਕਾਫੀ ਡਿਪਰੈਸ਼ਨ ‘ਚ ਚਲਾ ਗਿਆ ਸੀ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੇ ਲੜਕੇ ਦਾ ਹਸਪਤਾਲ ਤੋਂ ਇਲਾਜ ਕਰਵਾਉਣ ਦੀ ਜਗ੍ਹਾ ਜੇਲ੍ਹ ਦੇ ਅੰਦਰ ਹੀ ਦਵਾਈਆਂ ਦਿੰਦੇ ਰਹੇ।
ਪਰਿਵਾਰ ਨੇ ਮੰਨੀ ਪ੍ਰਤਾਪ ਦੀ ਮੌਤ ਦਾ ਜ਼ਿੰਮੇਵਾਰ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੂੰ ਦੱਸਿਆ। ਇਸ ਤੋਂ ਇਲਾਵਾ ਪਰਿਵਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਲੜਕਾ ਪਿਛਲੇ ਕਈ ਦਿਨਾਂ ਤੋਂ ਤੀਹ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ, ਜੋ ਇਕ ਮੁਲਾਜ਼ਮ ਦੇ ਖਾਤੇ ਵਿਚ ਟ੍ਰਾਂਸਫਰ ਕਰਨੇ ਸਨ।