ਕੋਵਿਡ-19 ਤੋਂ ਠੀਕ ਹੋ ਚੁੱਕੇ ਇੱਕ ਤਿਹਾਈ ਲੋਕਾਂ ਨੂੰ ਹੋ ਰਹੀਆਂ ਨੇ ਇਹ ਗੰਭੀਰ ਪਰੇਸ਼ਾਨੀਆਂ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਦੇ ਕਹਿਰ ਨੂੰ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਕੋਵਿਡ-19 ਨੇ ਲੋਕਾਂ ਨੂੰ ਨਾਂ ਸਿਰਫ਼ ਸਰੀਰਕ ਰੂਪ ਨਾਲ ਪ੍ਰਭਾਵਿਤ ਕੀਤਾ ਹੈ, ਇਸ ਦਾ ਅਸਰ ਮਾਨਸਿਕ ਸਿਹਤ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਰੀਰਕ ਪਰੇਸ਼ਾਨੀਆਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਮਾਹਰਾਂ ਨੇ ਪਾਇਆ ਹੈ ਕਿ ਕੋਰੋਨਾ ਨਾਲ ਪੀੜਤ ਰਹਿ ਚੁੱਕੇ ਜ਼ਿਆਦਾਤਰ ਲੋਕਾਂ ‘ਚ ਨਿਊਰੋਲਾਜਿਕਲ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਅਧਿਐਨ ਮੁਤਾਬਕ ਕੋਰੋਨਾ ਸੰਕਰਮਣ ਤੋਂ ਠੀਕ ਹੋ ਚੁੱਕੇ ਤਿੰਨ ‘ਚੋਂ ਇਕ ਮਰੀਜ਼ ‘ਚ ਨਿਊਰੋਲਾਜੀਕਲ ਜਾਂ ਮਨੋਰੋਗ ਵਿਕਾਰ ਪਾਏ ਗਏ ਹਨ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਦੀ ਅਗਵਾਈ ‘ਚ ਕੀਤੇ ਗਏ ਅਧਿਐਨ ਵਿੱਚ ਛੇ ਮਹੀਨੇ ਦੀ ਮਿਆਦ ਲਈ ਅਮਰੀਕਾ ਵਿੱਚ 2,36,379 ਮਰੀਜ਼ਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ।

ਅਧਿਐਨ ਲਈ 20 ਜਨਵਰੀ 2020 ਤੋਂ ਬਾਅਦ ਕੋਵਿਡ-19 ਪਾਜ਼ਿਟਿਵ ਪਾਏ ਜਾਣ ਵਾਲੇ 10 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੇ ਡਾਟਾ ਨੂੰ ਸ਼ਾਮਲ ਕੀਤਾ ਗਿਆ। ਇਸ ਦੀ ਤੁਲਨਾ ਇਨਫਲੂਏਂਜ਼ਾ ਨਾਲ ਪੀੜਤ 1,05,579 ਮਰੀਜ਼ਾਂ ਅਤੇ ਹੋਰ ਸਾਹ ਸਬੰਧੀ ਬਿਮਾਰੀ ਨਾਲ ਸੰਕਰਮਿਤ 2,36,038 ਮਰੀਜ਼ਾਂ ਦੇ ਨਾਲ ਕੀਤੀ ਗਈ। ਖੋਜਕਾਰਾਂ ਨੇ ਸਿੱਟਾ ਕੱਢਿਆ ਕਿ ਅਧਿਐਨ ਵਿੱਚ ਸ਼ਾਮਲ 34 % ਕੋਰੋਨੋਵਾਇਰਸ ਮਰੀਜ਼ਾਂ ‘ਚ ਸੰਕਰਮਣ ਦੇ 6 ਮਹੀਨੇ ਬਾਅਦ ਨਿਊਰੋਲਾਜਿਕਲ ਜਾਂ ਮਾਨਸਿਕ ਸਿਹਤ ਵਿਕਾਰ ਦੇ ਲੱਛਣ ਵਿਖਾਈ ਦਿੱਤੇ।

ਮਾਹਰਾਂ ਨੇ ਦੱਸਿਆ ਕਿ ਕੋਵਿਡ – 19 ਸਿਰਫ ਸਾਹ ਸਬੰਧੀ ਬਿਮਾਰੀ ਨਹੀਂ ਹੈ, ਇਹ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਦਾ ਅਸਰ 6 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਹਾਲਤ ‘ਤੇ ਵੀ ਵੇਖਿਆ ਜਾ ਸਕਦਾ ਹੈ। ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਨੇ ਅਕਸਰ ਦਿਮਾਗ ਵਿੱਚ ਗੰਭੀਰ ਸੋਜ, ਸਟਰੋਕ ਅਤੇ ਦੌਰੇ ਪੈਣ ਵਰਗੀ ਦਿੱਕਤਾਂ ਦੀ ਸ਼ਿਕਾਇਤ ਕੀਤੀ ਹੈ।

- Advertisement -

Share this Article
Leave a comment