ਮਲੋਟ : ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਮਲੋਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 7 ਕਿਸਾਨ ਲੀਡਰਾਂ ਅਤੇ 300 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਆਈ.ਪੀ.ਸੀ. ਦੀ ਧਾਰਾ 307/ 353/ 186/ 188/ 332/ 342/ 506/ 148/ 149 ਤਹਿਤ ਸਿਟੀ ਮਲੋਟ ‘ਚ ਦਰਜ ਕੀਤੀ ਗਈ ਹੈ। ਪੁਲਿਸ ਨੇ ਇਹ ਕਾਰਵਾਈ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤੀ ਹੈ। ਜੋ 7 ਕਿਸਾਨ ਆਗੂਆਂ ਦੇ ਨਾਮ ਐੱਫ.ਆਈ.ਆਰ. ‘ਚ ਹਨ ਉਨ੍ਹਾਂ ਵਿੱਚ ਲਖਨਪਾਲ ਉਰਫ ਲੱਖਾ ਆਲਮਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜ਼ਰ, ਜਨਰਲ ਸਕਤਰ ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫਕਰਸਰ ਸ਼ਾਮਿਲ ਹਨ।
ਪੁਲਿਸ ਅਨੁਸਾਰ ਜੱਦ ਅਰੁਣ ਨਾਰੰਗ ਮਲੋਟ ਵਿਖੇ ਮੀਟਿੰਗ ਲਈ ਪਹੁੰਚੇ ਸਨ ਤਾਂ ਉਨ੍ਹਾਂ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ‘ਤੇ ਹੋਏ ਹਮਲੇ ਤੋਂ ਬਚਾਅ ਲਈ ਐੱਸ.ਪੀ ਹੈੱਡਕੁਆਰਟਰ ਗੁਰਮੇਲ ਸਿੰਘ ਅਤੇ ਹੋਰ ਪੁਲਿਸ ਪਾਰਟੀ ਨੇ ਪੁਰਜ਼ੋਰ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਐੱਸ.ਪੀ ਗੁਰਮੇਲ ਸਿੰਘ ਵੀ ਜ਼ਖਮੀ ਹੋ ਗਏ।