ਚੰਡੀਗੜ੍ਹ : ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਬੰਦ 12 ਘੰਟੇ ਲਈ ਰੱਖਿਆ ਜਾਵੇਗਾ। ਜਿਸ ਦੇ ਤਹਿਤ ਅੱਜ ਸਵੇਰ 6 ਵਜੇ ਤੋਂ ਇਸ ਦਾ ਅਸਰ ਦੇਖਣ ਨੂੰ ਮਿਲਿਆ। ਰਾਤ ਦੇ ਬੰਦ ਬਾਜ਼ਾਰ ਸਵੇਰੇ ਵੀ ਬੰਦ ਰਹੇ। ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਲੋਕ ਆਪ ਮੁਹਾਰੇ ਹੁੰਗਾਰਾ ਦੇ ਰਹੇ ਹਨ। ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਦੀ ਸਵੇਰ ਵੇਲੇ ਅਜਿਹੀ ਤਸਵੀਰ ਦੇਖਣ ਨੂੰ ਮਿਲੀ। ਹਲਾਂਕਿ ਬੰਦ ਦੌਰਾਨ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ ਸਨ। ਇੱਕ ਘੰਟੇ ਖੁੱਲਣ ਤੋਂ ਬਾਅਦ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ‘ਤੇ 26 ਮਾਰਚ ਨੂੰ ਭਾਰਤ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸਵੇਰੇ 6 ਤੋਂ ਸ਼ਾਮ 6 ਵਜੇ ਤਕ ਭਾਰਤ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਸ਼ਹਿਰ ਵਿੱਚ 85 ਥਾਵਾਂ ‘ਤੇ ਚੱਕਾ ਜਾਮ ਕਰਨਗੇ। ਇਸ ਤੋਂ ਇਲਾਵਾ ਟਰੇਨਾਂ ਦੇ ਵੀ ਰਾਹ ਰੋਕੇ ਜਾਣਗੇ।
ਬੀਤੇ ਦਿਨ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਸੀ ਕਿ ਇਸ ਵਾਰ ਦਾ ਭਾਰਤ ਬੰਦ ਪਹਿਲਾਂ ਨਾਲੋ ਵੱਖ ਹੋਵੇਗਾ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਨੂੰ ਲੋਕਾਂ ਵੱਲੋਂ ਆਪ ਮੁਹਾਰੇ ਹੁੰਗਾਰਾ ਦਿੱਤਾ ਜਾ ਰਿਹਾ ਹੈ। ਭਾਰਤ ਬੰਦ ਦੇ ਸੱਦੇ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਕੱਲ੍ਹ ਨੂੰ ਟਰ੍ਰੇਡ ਜਥੇਬੰਦੀਆਂ ਵੀ ਭਾਰਤ ਬੰਦ ਲਈ ਆਪਣਾ ਯੋਗਦਾਨ ਪਾਉਣਗੀਆਂ।ਇਸ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਸੀ ਕਿ ਭਾਰਤ ਨੂੰ ਜ਼ਬਰੀ ਬੰਦ ਨਹੀਂ ਕਰਵਾਇਆ ਜਾਵੇਗਾ। ਲੋਕਾਂ ਦੀ ਸਹਿਮਤੀ ਨਾਲ ਹੀ ਭਾਰਤ ਬੰਦ ਹੋਵੇਗਾ, ਲੋਕ ਆਪ ਹੀ ਗੱਡੀਆਂ ਅਤੇ ਟਰੇਨਾਂ ਦਾ ਚੱਕਾ ਜਾਮ ਕਰਨਗੇ।