ਸੈਨ ਡਿਆਗੋ: ਅਮਰੀਕਾ ਦੀ ਇੱਕ ਕੰਪਨੀ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਦੀਪਾਂਸ਼ੂ ਖੇਰ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੀਪਾਂਸੂ ਖੇਰ ਨੇ ਨੌਕਰੀ ਤੋਂ ਕੱਢੇ ਜਾਣ ਦਾ ਬਦਲਾ ਲੈਣ ਖਾਤਰ ਕਾਰਲਜ਼ਬੈਡ ਕੰਪਨੀ ਦੇ 1500 ਮਾਈਕ੍ਰੋਸਾਫ਼ਟ ਯੂਜ਼ਰ ਖਾਤਿਆਂ ‘ਚੋਂ 1200 ਡਿਲੀਟ ਕਰ ਦਿੱਤੇ। ਦੀਪਾਂਸ਼ੂ ਖੇਰ ਨੇ 2017 ਤੋਂ ਮਈ 2018 ਤੱਕ ਇੱਕ ਇਨਫਰਮੇਸ਼ਨ ਟੈਕਨਾਲੋਜੀ ਕੰਪਨੀ ਵਿਚ ਕੰਮ ਕੀਤਾ ਜਿਸ ਦੀਆਂ ਸੇਵਾਵਾਂ ਕਾਰਲਜ਼ਬੈਡ ਕੰਪਨੀ ਦੁਆਰਾਂ ਲਈਆਂ ਗਈਆਂ ਸਨ।
ਕਾਰਲਜ਼ਬੈਡ ਕੰਪਨੀ ਆਪਣੇ ਕੰਪਿਊਟਰਾਂ ‘ਚ ਮਾਈਕ੍ਰੋਸਾਫ਼ਟ ਆਫਿਸ 365 ਅਪਲੋਡ ਕਰਵਾ ਰਹੀ ਸੀ ਅਤੇ ਇਸ ਕੰਮ ਵਿਚ ਸਹਾਇਤਾ ਲਈ ਸਲਾਹਕਾਰ ਫਰਮ ਵੱਲੋਂ ਆਪਣੇ ਮੁਲਾਜ਼ਮ ਦੀਪਾਂਸ਼ੂ ਖੇਰ ਨੂੰ ਕਾਰਲਜ਼ਬੈਡ ਦੇ ਮੁੱਖ ਦਫ਼ਤਰ ਵਿਚ ਭੇਜਿਆ ਗਿਆ। ਪਰ ਕੰਪਨੀ ਨੂੰ ਦੀਪਾਂਸ਼ੂ ਖੇਰ ਦਾ ਕੰਮ ਪਸੰਦ ਨਾ ਆਇਆ ਅਤੇ ਕਈ ਸ਼ਿਕਾਇਤਾਂ ਤੋਂ ਬਾਅਦ ਸਲਾਹਕਾਰ ਫ਼ਰਮ ਨੇ ਉਸ ਨੂੰ ਵਾਪਸ ਸੱਦ ਲਿਆ। ਮਈ 2018 ਵਿਚ ਉਸ ਨੂੰ ਨੌਕਰੀ ਤੋਂ ਹੀ ਕੱਢ ਦਿਤਾ ਗਿਆ ਅਤੇ ਜੂਨ 2018 ਵਿਚ ਉਹ ਭਾਰਤ ਪਰਤ ਗਿਆ।
ਭਾਰਤ ਪਹੁੰਚਣ ਤੋਂ ਦੋ ਮਹੀਨੇ ਬਾਅਦ ਦੀਪਾਂਸ਼ੂ ਖੇਰ ਨੇ ਕਾਰਲਜ਼ਬੈਡ ਕੰਪਨੀ ਦਾ ਸਰਵਰ ਹੈਕ ਕਰਦਿਆਂ 1500 ਮਾਈਕ੍ਰੋਸਾਫ਼ਟ ਯੂਜ਼ਰ ਖਾਤਿਆਂ ‘ਚੋਂ 1200 ਡਿਲੀਟ ਕਰ ਦਿੱਤੇ। ਜਿਸ ਕਾਰਨ ਕੰਪਨੀ ਦੇ ਮੁਲਾਜ਼ਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਦੋ ਦਿਨ ਕੰਪਨੀ ਮੁਕੰਮਲ ਤੌਰ ‘ਤੇ ਬੰਦ ਰਹੀ। ਦੀਪਾਂਸ਼ੂ ਖੇਰ ਨੂੰ ਦੋ ਸਾਲ ਕੈਦ ਤੋਂ ਇਲਾਵਾ 5 ਲੱਖ 67 ਹਜ਼ਾਰ ਡਾਲਰ ਦਾ ਹਰਜ਼ਾਨਾ ਕੰਪਨੀ ਨੂੰ ਅਦਾ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।