ਪਟਿਆਲਾ: – ਲੀਲ੍ਹਾ ਭਵਨ ਸਥਿਤ ਬੀਐੱਸਐੱਨਐੱਲ ਦੇ ਮੋਬਾਈਲ ਟਾਵਰ ‘ਤੇ ਰੁਜ਼ਗਾਰ ਦੀ ਮੰਗ ਲਈ ਚੜ੍ਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਧਰਨਾ ਵਰ੍ਹਦੇ ਮੀਂਹ ‘ਚ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ‘ਤੇ ਬੈਠੇ ਬੇਰੁਜ਼ਗਾਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਉਹ ਉਦੋਂ ਤਕ ਟਾਵਰ ਤੋਂ ਹੇਠਾਂ ਨਹੀਂ ਉਤਰਨਗੇ ਜਦੋਂ ਤਕ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਹੈ।
ਦਸ ਦਈਏ ਇਸ ਮੌਕੇ ਧਰਨੇ ‘ਤੇ ਬੈਠੇ ਸੁਰਿੰਦਰਪਾਲ ਗੁਰਦਾਸਪੁਰ ਤੇ ਹਰਜੀਤ ਮਾਨਸਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕਰ ਕੇ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੇ 16 ਲੱਖ 25 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਦੂਜੇ ਪਾਸੇ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ‘ਚ ਦੋ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਖਾਤਰ ਟਾਵਰ ‘ਤੇ ਚੜ੍ਹੇ ਹੋਏ ਹਨ ਤੇ ਸਿਰਫ਼ 10 ਹਜ਼ਾਰ ਦੇ ਕਰੀਬ ਨਵੀਂ ਭਰਤੀ ਦੀ ਮੰਗ ਕਰ ਰਹੇ ਹਨ।