ਨਵੀਂ ਦਿੱਲੀ: ਦੇਸ਼ ਵਿੱਚ ਇੱਕ ਸਾਲ ਪਹਿਲਾਂ ਖਤਰਨਾਕ ਮਹਾਮਾਰੀ ਨੇ ਦਸਤਕ ਦਿੱਤੀ ਸੀ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿੱਚ ਅੱਜ ਤੋਂ ਠੀਕ ਇੱਕ ਸਾਲ ਪਹਿਲਾਂ ਜਨਤਾ ਕਰਫਿਊ ਲਗਾਇਆ ਗਿਆ ਸੀ ਅਤੇ ਅੱਜ ਇੱਕ ਸਾਲ ਬਾਅਦ ਵੀ ਦੇਸ਼ ਕੋਰੋਨਾ ਸੰਕਰਮਣ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਕੋਰੋਨਾ ਸੰਕਰਮਣ ਦਾ ਕਹਿਰ ਵਧਦਾ ਜਾ ਰਿਹਾ ਹੈ। ਕਈ ਸੂਬਿਆਂ ਵਿੱਚ ਹਾਲਤ ਭਿਆਨਕ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।
ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਹਰ ਦਿਨ ਪਿਛਲੇ ਸਾਲ ਦੇ ਰਿਕਾਰਡ ਤੋੜ ਰਹੇ ਹਨ। ਇਸ ਸਾਲ ਸੋਮਵਾਰ ਸਵੇਰੇ ਬੀਤੇ 24 ਘੰਟੇ ਦੌਰਾਨ ਪਹਿਲੀ ਵਾਰ ਕੋਰੋਨਾ ਸੰਕਰਮਣ ਦੇ ਰਿਕਾਰਡ 46,951 ਨਵੇਂ ਮਾਮਲੇ ਦਰਜ ਕੀਤੇ ਗਏ। ਲਗਭਗ ਪੰਜ ਮਹੀਨੇ ਬਾਅਦ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਇਹ ਸਭ ਤੋਂ ਜਿਆਦਾ ਗਿਣਤੀ ਹੈ। ਉਥੇ ਹੀ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਚਿੰਤਾ ਵਧਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 212 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ। ਕੇਂਦਰੀ ਮੰਤਰਾਲੇ ਵਲੋਂ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।