ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਰਫ਼ਤਾਰ ਇੱਕ ਵਾਰ ਫਿਰ ਵਧਦੀ ਜਾ ਰਹੀ ਹੈ। ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਕੋਵਿਡ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸਦੀ ਜਾਣਕਾਰੀ ਏਮਜ਼ ਹਸਪਤਾਲ ਵਲੋਂ ਦਿੱਤੀ ਗਈ ਹੈ |
ਦੱਸਣਯੋਗ ਹੈ ਕਿ ਰਾਜਧਾਨੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ਨੀਵਾਰ ਨੂੰ 813 ਲੋਕਾਂ ‘ਚ ਸੰਕਰਮਣ ਦੀ ਪੁਸ਼ਟੀ ਹੋਈ ਸੀ, ਜੋ ਇਸ ਸਾਲ ਸਭ ਤੋਂ ਜ਼ਿਆਦਾ ਹੈ। ਦਿੱਲੀ ਵਿੱਚ ਲਗਭਗ 81 ਦਿਨਾਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਲੋਕ ਸੰਕਰਮਿਤ ਮਿਲੇ ਸਨ। ਇਸ ਤੋਂ ਪਹਿਲਾਂ 27 ਦਸੰਬਰ ਨੂੰ 757 ਮਾਮਲੇ ਆਏ ਸਨ।
ਸਿਹਤ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਦੋ ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ 567 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 6,47,161 ਹੋ ਗਈ ਹੈ। ਇਨ੍ਹਾਂ ‘ਚੋਂ 6,32,797 ਸਿਹਤਯਾਬ ਹੋ ਚੁੱਕੇ ਹਨ। ਉਥੇ ਹੀ 10955 ਲੋਕਾਂ ਦੀ ਮੌਤ ਹੋ ਚੁੱਕੀ ਹੈ।