ਵਾਸ਼ਿੰਗਟਨ :- ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਔਰਤਾਂ ਚੋਂ ਇਕ ਨੇ ਬੀਤੇ ਸੋਮਵਾਰ ਨੂੰ ਜਾਂਚ ਕਮੇਟੀ ਦੇ ਸਾਹਮਣੇ ਬਿਆਨ ਦਰਜ ਕਰਵਾਏ ਹਨ। ਔਰਤ ਦੇ ਵਕੀਲ ਨੇ ਦੱਸਿਆ ਕਿ ਜੂਮ ਐਪ ਰਾਹੀਂ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤਕ ਜਾਂਚਕਰਤਾਵਾਂ ਨੇ ਉਨ੍ਹਾਂ ਦੀ ਮੁਵੱਕਲ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਸ਼ਾਰਲੋਟ ਬੈਨੇਟ ਨੇ ਕੁਓਮੋ ਦੇ ਵਿਹਾਰ ਨੂੰ ਲੈ ਕੇ ਕੁਝ ਨਵੀਆਂ ਗੱਲਾਂ ਦੱਸੀਆਂ। ਉਨ੍ਹਾਂ ਕਿਹਾ ਕਿ ਕੁਓਮੋ ਨਾ ਕੇਵਲ ਅਸ਼ਲੀਲ ਗੱਲ ਕਰਦੇ ਸਨ ਸਗੋਂ ਆਪਣੇ ਹੱਥਾਂ ਦੇ ਆਕਾਰ ਨੂੰ ਲੈ ਕੇ ਭੱਦੀਆਂ ਟਿੱਪਣੀਆਂ ਵੀ ਕਰਦੇ ਸਨ।
ਬੈਨੇਟ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਮੁਵੱਕਲ ਨੇ ਕਥਿਤ ਸ਼ੋਸ਼ਣ ਨਾਲ ਜੁੜੇ 120 ਸਫ਼ਿਆਂ ਦੇ ਰਿਕਾਰਡ ਜਾਂਚਕਰਤਾਵਾਂ ਨੂੰ ਮੁਹੱਈਆ ਕਰਾਏ ਹਨ। ਵਕੀਲ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬੈਨੇਟ ਨੇ ਗਵਰਨਰ ਕੋਓਮੋ ਤੇ ਉਨ੍ਹਾਂ ਦੇ ਸਟਾਫ ਖ਼ਿਲਾਫ਼ ਜੋ ਸਬੂਤ ਮੁਹੱਈਆ ਕਰਾਏ ਹਨ ਉਹ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਕਾਫ਼ੀ ਹੋਣਗੇ।