ਅਦਾਕਾਰੀ ਦਾ ਜਲਾਲ ਰੱਖਣ ਵਾਲੀ ਸੂਝਵਾਨ ਅਦਾਕਾਰਾ: ਫ਼ਰੀਦਾ ਜਲਾਲ

TeamGlobalPunjab
6 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਫ਼ਰੀਦਾ ਜਲਾਲ ਦਾ ਸ਼ੁਮਾਰ ਬਾਲੀਵੁੱਡ ਦੀਆਂ ਉਨ੍ਹਾ ਚੁਨਿੰਦਾ ਅਦਾਕਾਰਾਂ ਵਿੱਚ ਹੁੰਦਾ ਹੈ ਜਿਨ੍ਹਾ ਨੇ ਉਮਰ ਦੇ ਹਰੇਕ ਪੜਾਅ ‘ਤੇ ਅਦਾਕਾਰੀ ਦਾ ਦਾਮਨ ਨਹੀਂ ਛੱਡਿਆ ਤੇ ਬਦਲੇ ਜ਼ਮਾਨੇ ਅਤੇ ਬਦਲੇ ਦੌਰ ਦੇ ਬਾਵਜੂਦ ਹਰੇਕ ਭੂਮਿਕਾ ਬੜੀ ਹੀ ਸ਼ਿੱਦਤ ਤੇ ਨਫ਼ਾਸਤ ਨਾਲ ਅਦਾ ਕੀਤੀ। ਫ਼ਰੀਦਾ ਅੱਜ ਬੇਸ਼ੱਕ 72 ਸਾਲਾਂ ਦੀ ਹੋ ਚੁੱਕੀ ਹੈ ਤੇ ਵਾਲਾਂ ਵਿੱਚ ਸਫ਼ੇਦੀ ਵੀ ਆਣ ਪਈ ਹੈ ਪਰ ਫਿਰ ਵੀ ਉਸਦੇ ਚਿਹਰੇ ਵਿੱਚ ਇੱਕ ਦਿਲਕਸ਼ ਤਾਜ਼ਗੀ ਤੇ ਆਵਾਜ਼ ਵਿੱਚ ਇੱਕ ਚੁਸਤੀ ਤੇ ਖਣਕ ਹੈ ਜੋ ਹਰੇਕ ਫ਼ਿਲਮ ਪ੍ਰੇਮੀ ਦਾ ਮਨ ਮੋਹ ਲੈਂਦੀ ਹੈ।

ਹਸੂੰ-ਹਸੂੰ ਕਰਦੇ ਚਿਹਰੇ ਵਾਲੀ ਫ਼ਰੀਦਾ ਦਾ ਜਨਮ 14 ਮਾਰਚ,1949 ਨੂੰ ਨਵੀਂ ਦਿੱਲੀ ਵਿਖੇ ਹੋਇਆ ਸੀ। ਉਸ ਨੂੰ ਸਕੂਲ ਦੀ ਪੜ੍ਹਾਈ ਦੌਰਾਨ ਹੀ ਅਦਾਕਾਰੀ ਦੀ ਚੇਟਕ ਲੱਗ ਗਈ ਸੀ ਜੋ ਹੌਲ੍ਹੀ ਹੌਲ੍ਹੀ ਉਸਦਾ ਜਨੂੰਨ ਹੋ ਨਿੱਬੜੀ ਤੇ ਇਸੇ ਜਜ਼ਬੇ ਨੇ ਸੰਨ 1965 ਵਿੱਚ ਇੱਕ ਦਿਨ ਉਸਨੂੰ ਯੂਨਾÎਈਟਿਡ ਫ਼ਿਲਮ ਪ੍ਰੋਡਿਊਸਰਜ਼ ਨਾਮਕ ਸੰਸਥਾ ਵੱਲੋਂ ਕਰਵਾਏ ਗਏ ਕੌਮੀ ਪੱਧਰ ਦੇ ‘ਟੈਲੈਂਟ ਹੰਟ’ ਮੁਕਾਬਲੇ ਦੇ ਫ਼ਾਈਨਲ ਰਾਊਂਡ ਤੱਕ ਪੰਹੁਚਾ ਦਿੱਤਾ। ਇਸ ਮੁਕਾਬਲੇ ਦੇ ਪੁਰਸ਼ ਵਰਗ ਵਿੱਚ ਜੇਤੂ ਰਹਿਣ ਵਾਲਾ ਅਦਾਕਾਰ ਰਾਜੇਸ਼ ਖੰਨਾ ਸੀ ਤੇ ਮਹਿਲਾ ਵਰਗ ਵਿੱਚ ਫ਼ਰੀਦਾ ਜਲਾਲ ਦੀ ਅਦਾਕਾਰੀ ਦਾ ਜਾਦੂ ਸਭਨਾਂ ਦੇ ਸਿਰ ਚੜ੍ਹ ਬੋਲਿਆ ਸੀ। ਉਸ ਮੁਕਾਬਲੇ ਦੇ ਇੱਕ ਜੱਜ ਅਤੇ ਉਨ੍ਹਾ ਵੇਲਿਆਂ ਦੇ ਨਾਮੀ ਫ਼ਿਲਮ ਨਿਰਮਾਤਾ ਸ੍ਰੀ ਤਾਰਾ ਚੰਦ ਬੜਜਾਤੀਆ ਨੇ ਫ਼ਰੀਦਾ ਨੂੰ ਆਪਣੀ ਫ਼ਿਲਮ ‘ਤਕਦੀਰ’ ਲਈ ਸਾਈਨ ਕਰ ਲਿਆ ਸੀ ਤੇ ਇੰਜ ਫ਼ਰੀਦਾ ਬਾਲੀਵੁੱਡ ਦੇ ਪਿੜ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਆਣ ਨਿੱਤਰੀ ਸੀ।

ਫ਼ਰੀਦਾ ਜਲਾਲ ਬਹੁਪੱਖੀ ਪ੍ਰਤਿਭਾ ਨਾਲ ਭਰਪੂਰ ਸੀ ਪਰ ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕਾਂ ਨੇ ਉਸਨੂੰ ਬਤੌਰ ਨਾਇਕਾ ਬਹੁਤ ਘੱਟ ਮੌਕੇ ਪ੍ਰਦਾਨ ਕੀਤੇ ਪਰ ਨਾਇਕ ਦੀ ਭੈਣ,ਪ੍ਰੇਮਿਕਾ,ਪਤਨੀ ਜਾਂ ਮਾਂ ਦੇ ਰੂਪ ਵਿੱਚ ਕਈ ਯਾਦਗਾਰੀ ਭੂਮਿਕਾਵਾਂ ਉਸਦੀ ਝੋਲ੍ਹੀ ਵਿੱਚ ਪਈਆਂ ਜਿਨ੍ਹਾ ਨਾਲ ਉਸਨੇ ਪੂਰਾ-ਪੂਰਾ ਇਨਸਾਫ਼ ਕੀਤਾ ਤੇ ਦਰਸ਼ਕਾਂ ਦੇ ਚੇਤਿਆਂ ਵਿੱਚ ਉਹ ਕਿਰਦਾਰ ਅਮਰ ਹੀ ਕਰ ਦਿੱਤੇ। ਫ਼ਰੀਦਾ ਦੀਆਂ ਯਾਦਗਾਰੀ ਭੂਮਿਕਾਵਾਂ ਨਾਲ ਸੱਜੀਆਂ ਫ਼ਿਲਮਾਂ ਵਿੱਚ – ‘ਅਰਾਧਨਾ,ਗੋਪੀ, ਮਹਿਲ, ਬਹਾਰੋਂ ਕੀ ਰਾਨੀ, ਅਮਰ ਪ੍ਰੇਮ, ਦੇਵੀ, ਹੀਰਾ, ਰਿਵਾਜ, ਬੌਬੀ, ਅਚਾਨਕ, ਨਇਆ ਦਿਨ ਨਈ ਰਾਤ, ਮਜਬੂਰ, ਦੋ ਜਾਸੂਸ, ਸ਼ੱਕ, ਕਾਲਾ ਸੋਨਾ, ਧਰਮਾਤਮਾ, ਆਕਰਮਣ, ਅਬਦੁੱਲਾ, ਨਇਆ ਦੌਰ, ਆਖ਼ਰੀ ਗੋਲੀ, ਯਾਰਾਨਾ ਅਤੇ ਜੁਰਮਾਨਾ’ ਆਦਿ ਉਹ ਫ਼ਿਲਮਾਂ ਸਨ ਜਿਨ੍ਹਾ ਵਿੱਚ ਕੰਮ ਕਰਨ ਉਪਰੰਤ ਸੰਨ 1981 ਵਿੱਚ ਉਹ ਬਾਲੀਵੁੱਡ ਛੱਡ ਕੇ ਆਪਣੇ ਪਤੀ ਨਾਲ ਬੰਗਲੌਰ ਜਾ ਵਸੀ ਸੀ। ਉਸਨੇ ਆਪਣੇ ਅਦਾਕਾਰ ਪਤੀ ਤਬਰੇਜ਼ ਨਾਲ‘ ਜੀਵਨ ਰੇਖਾ’ ਨਾਮਕ ਫ਼ਿਲਮ ਬਤੌਰ ਨਾਇਕਾ ਕੀਤੀ ਸੀ ਜਿਸ ਵਿੱਚ ਰਫ਼ੀ ਸਾਹਿਬ ਦਾ ਗਾਇਆ ਗੀਤ- ‘‘ਯਾਰ ਮੇਰੇ ਮੇਰੀ ਬਾਹੋਂ ਮੇਂ ਆ ਜਾ’’ ਕਾਫ਼ੀ ਮਕਬੂਲ ਰਿਹਾ ਸੀ ਤੇ ਕਈ ਸਾਲ ਰੇਡੀਓ ‘ਤੇ ਵੱਜਦਾ ਰਿਹਾ ਸੀ।

ਤਕਰੀਬਨ ਦਸ ਸਾਲ ਬਾਲੀਵੁੱਡ ਤੋਂ ਦੂਰ ਰਹਿਣ ਵਾਲੀ ਫ਼ਰੀਦਾ ਜਲਾਲ ਨੂੰ ਅਦਾਕਾਰ-ਨਿਰਦੇਸ਼ਕ ਰਾਜ ਕਪੂਰ ਨੇ ਆਪਣੀ ਫ਼ਿਲਮ ‘ ਹਿਨਾ’ ਰਾਹੀਂ ਸੰਨ 1991 ਵਿੱਚ ਉਸਨੂੰ ਮੁੜ ਬਾਲੀਵੁੱਡ ਨਾਲ ਜੋੜ ਦਿੱਤਾ ਤੇ ਇਸ ਦੂਜੀ ਪਾਰੀ ਵਿੱਚ ਤਾਂ ਫ਼ਰੀਦਾ ਨੇ ਸਾਲ ਦਰ ਸਾਲ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਤੇ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਹਾਸਿਲ ਕੀਤੇ। ਇਸ ਪਾਰੀ ਵਿੱਚ ਜਿਨ੍ਹਾ ਚਰਚਿਤ ਫ਼ਿਲਮਾਂ ਉਸਨੇ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਉਨ੍ਹਾ ਵਿੱਚੋਂ- ‘ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ, ਦਿਲ ਤੋ ਪਾਗਲ ਹੈ, ਜ਼ੋਰ, ਜ਼ਿੱਦੀ, ਸਲਾਖੇਂ, ਲੱਜਾ, ਦਿਲ ਆਸ਼ਨਾ ਹੈ, ਬੇਖ਼ੁਦੀ, ਗਰਦਿਸ਼, ਲਾਡਲਾ, ¬ਕ੍ਰਾਂਤੀਵੀਰ, ਲੋਫ਼ਰ, ਦਿਲ ਆਸ਼ਨਾ ਹੈ, ਸੋਲਜ਼ਰ, ਗਜ ਗਾਮਿਨੀ, ਫ਼ਰਜ਼, ਚੋਰੀ ਚੋਰੀ ਚੁਪਕੇ ਚੁਪਕੇ, ਕਹੋ ਨਾ ਪਿਆਰ ਹੈ, ਫੰਟੂਸ਼, ਮੈਂ ਪ੍ਰੇਮ ਕੀ ਦੀਵਾਨੀ ਹੂੰ, ਗਰਵ, ਟਾਰਜ਼ਨ-ਦਿ ਵੰਡਰ ਕਾਰ, ਢੋਲ, ਸਟੂਡੈਂਟ ਆਫ਼ ਦਿ ਯੀਅਰ, ਬੱਤੀ ਗੁੱਲ ਮੀਟਰ ਚਾਲੂ ਅਤੇ ਸਾਲ 2020 ਵਿੱਚ ਆਈ ‘ਜਵਾਨੀ ਜਾਨੇਮਨ’ ਆਦਿ ਫ਼ਿਲਮਾਂ ਦੇ ਨਾਂ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹਨ। ਹੁਣ ਤੱਕ ਚਾਰ ਸੌ ਦੇ ਕਰੀਬ ਫ਼ਿਲਮਾਂ ਕਰ ਚੁੱਕੀ ਇਹ ਅਣਥੱਕ ਅਦਾਕਾਰਾ ਹੁਣ ਵੈਬ ਸੀਰੀਜ਼ ਕਰ ਰਹੀ ਹੈ। ਸਾਲ 2019 ਵਿੱਚ ਉਹ ‘ਮਹਿਰਮ’ ਅਤੇ ‘ਪਰਛਾਈ’ ਨਾਮਕ ਵੈੱਬ ਸੀਰੀਜ਼ ਕਰਕੇ ਨਵੇਂ ਜ਼ਮਾਨੇ ਦੇ ਅਦਾਕਾਰਾਂ ਤੇ ਸਿਨੇ ਪ੍ਰੇਮੀਆਂ ਦੇ ਦਿਲਾਂ ‘ਚ ਆਪਣੀ ਡੂੰਘੀ ਛਾਪ ਛੱਡ ਚੁੱਕੀ ਹੈ।

ਫ਼ਿਲਮਾਂ ਤੋਂ ਇਲਾਵਾ ਫ਼ਰੀਦਾ ਨੇ ਟੀ.ਵੀ.ਲੜੀਵਾਰਾਂ ਰਾਹੀਂ ਵੀ ਆਪਣੀ ਲਾਮਿਸਾਲ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਹੈ। ਉਸਦੇ ਚਰਚਿਤ ਟੀ.ਵੀ.ਲੜੀਵਾਰਾਂ ਵਿੱਚ-‘ ਯੇਹ ਜੋ ਹੈ ਜ਼ਿੰਦਗੀ,ਸ਼ਰਾਰਤ,ਬਾਲਿਕਾ ਵਧੂ,ਹੀਰੋ,ਅੰਮਾ ਜੀ ਕੀ ਗਲੀ, ਡੌਲੀ ਆਂਟੀ ਕਾ ਡਰੀਮ ਵਿਲਾ, ਜੀਨੀ ਔਰ ਜ਼ੂਜੂ, ਸਟਾਰ ਯਾਰ ਕਲਾਕਾਰ, ਜਨੂੰਨ ਅਤੇ ਸਤਰੰਗੀ ਸਸੁਰਾਲ’ ਨੂੰ ਸਹਿਜ ਹੀ ਸ਼ਾਮਿਲ ਕੀਤਾ ਜਾ ਸਕਦਾ ਹੈ।

ਸੰਨ 1972 ਵਿੱਚ ਫ਼ਿਲਮ ‘ ਪਾਰਸ’,ਸੰਨ 1991 ਵਿੱਚ ‘ ਹਿਨਾ’,ਸੰਨ 1994 ਵਿੱਚ ‘ ਮੰਮੋ’ ਅਤੇ ਸੰਨ 1996 ਵਿੱਚ ਫ਼ਿਲਮ ‘ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’ ਲਈ ਉਸਨੂੰ ਫ਼ਿਲਮ ਫੇਅਰ ਦੇ ‘ ਬੈਸਟ ਸੱਪੋਰਟਿੰਗ ਐਕਟ੍ਰੈੱਸ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਨੇਕਾਂ ਹੋਰ ਇਨਾਮਾਂ-ਸਨਮਾਨਾਂ ਤੋਂ ਇਲਾਵਾ ਉਸਨੂੰ ਕੋਮਾਂਤਰੀ ਫ਼ਿਲਮ ਮੇਲੇ ਦੌਰਾਨ ਸੰਨ 2012 ਵਿੱਚ ‘ਗਰੈਂਡ ਪਲੈਨ ’ ਨਾਮਕ ਫ਼ਿਲਮ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਸੀ ਜੋ ਕਿ ਬਾਲੀਵੁੱਡ ਲਈ ਫ਼ਖ਼ਰ ਦਾ ਸੂਚਕ ਸੀ। ਆਪਣੇ ਪੁੱਤਰ ਯਾਸੀਨ ਜਲਾਲ ਨਾਲ ਇਸ ਵਕਤ ਮੁੰਬਈ ਵਿੱਚ ਵੱਸਦੀ ਫ਼ਰੀਦਾ ਜਲਾਲ ਕਈ ਸਾਰੇ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ। ਅੱਜ ਉਸਦੇ ਜਨਮ ਦਿਨ ਮੌਕੇ ਉਸਦੇ ਲੱਖਾਂ ਪ੍ਰਸ਼ੰਸ਼ਕ ਉਸਦੀ ਤੰਦਰੁਸਤੀ ਭਰੀ ਲੰਮੀ ਤੇ ਕਾਮਯਾਬ ਜ਼ਿੰਦਗੀ ਦੀ ਕਾਮਨਾ ਕਰਦੇ ਹਨ।

ਮੋਬਾਇਲ: 97816-46008

Share This Article
Leave a Comment