ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਾ

TeamGlobalPunjab
4 Min Read

ਚੰਡੀਗੜ੍ਹ (ਅਵਤਾਰ ਸਿੰਘ): ਭਾਰਤੀ ਕਮਿਊਨਿਸਟ ਪਾਰਟੀ, ਜ਼ਿਲ੍ਹਾ ਕੌਂਸਲ, ਚੰਡੀਗੜ੍ਹ (ਸੀ. ਪੀ. ਆਈ) ਅਤੇ ਸਿਟੀ ਬਰਾਂਚ ਮੁਹਾਲੀ ਵੱਲੋਂ ਦੇਸ਼ ਵਿਚ ਵਧਦੀ ਮਹਿੰਗਾਈ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਧਰਨਾ ਡੀ. ਸੀ ਦਫਤਰ ਮੋਹਾਲੀ ਦੇ ਸਾਹਮਣੇ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਪਾਰਟੀ ਮੈਂਬਰਾਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਸੀ. ਪੀ. ਆਈ ਜ਼ਿਲ੍ਹਾ ਕੌਂਸਲ ਚੰਡੀਗੜ੍ਹ ਦੇ ਸਕੱਤਰ-ਸਾਥੀ ਰਾਜ ਕੁਮਾਰ ਨੇ ਕਿਹਾ ਕਿ 5 ਮਾਰਚ ਤੋਂ ਲਗਾਤਾਰ ਮਹਿੰਗਾਈ ਖਿਲਾਫ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਅਸੀਂ ਹਰ ਰੋਜ਼ ਸੰਘਰਸ਼ ਕਰ ਰਹੇ ਹਾਂ। ਅੱਜ ਮੋਹਾਲੀ ਵਿਖੇ ਸਾਂਝਾ ਸਮਾਗਮ ਹੈ। ਇਹ ਸਮਾਗਮ ਸ਼ਹੀੲ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ 23 ਮਾਰਚ ਤੱਕ, ਹਰ ਰੋਜ਼ ਅੱਡ ਅੱਡ ਸੈਕਟਰਾਂ ਅਤੇ ਇਲਾਕਿਆਂ ਵਿਚ ਜਾਰੀ ਰਹਿਣਗੇ। ਸਾਥੀਓ! ਮਹਿੰਗਾਈ ਸਿਖਰਾਂ ਛੂਹ ਰਹੀ ਹੈ ਆਮ ਬੰਦੇ ਦਾ ਜਿਉਣਾ ਦੂਬਰ ਹੋਇਆ ਪਿਆ ਹੈ। ਪਟਰੌਲ, ਰਸੋਈ ਗੈਸ, ਖਾਣ-ਪੀਣ ਦੀਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਗਰੀਬ ਦਾ ਦੋ-ਡੰਗ ਦੀ ਰੋਟੀ ਕਮਾਉਣਾ ਅਤੇ ਪਰਿਵਾਰ ਪਾਲਣਾ ਅਸੰਭਵ ਹੋ ਰਿਹਾ ਹੈ। ਜਦ ਕਿ ਸਰਕਾਰ ਲੋਕ ਸੇਵਾ ਲਈ ਹੁੰਦੀ ਹੈ ਪਰ ਮੋਦੀ ਸਰਕਾਰ ਗਰੀਬਾਂ ਦਾ ਗੱਲ ਘੁੱਟ ਕੇ ਕਾਰਪੋਰੇਟਾਂ ਦੀ ਤਿਜ਼ੋਰੀ ਭਰਨ ਉਤੇ ਤੁਲੀ ਹੋਈ ਹੈ। ਸਰਕਾਰ ਵੱਲੋਂ ਵਿਦਰੋਹ ਦੀ ਹਰ ਆਵਾਜ਼ ਨੂੰ ਅੱਜ ਦੇਸ਼ ਧਰੋਹ ਕਿਹਾ ਜਾ ਰਿਹਾ ਹੈ ਪਰ ਚੁੱਪ ਰਹਿ ਕੇ ਬੈਠਣਾ ਬੁਝਦਿਲੀ ਹੈ। ਅਸੀਂ ਸਾਥੀਆਂ ਸਮੇਤ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵਧਦੀ ਮਹਿੰਗਾਈ ਦਾ ਵਿਰੋਧ ਕਰਦੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਮ ਆਦਮੀ ਨੂੰ ਰਾਹਤ ਦੇਂਵੇੇ ਮਹਿੰਗਾਈ ਉਤੇ ਕਾਬੂ ਪਾਵੇ। ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉਤੇ ਮੋਰਚੇ ਲਾ ਕੇ ਡਟੇ ਹੋਏ ਹਨ ਪਰ ਮੋਦੀ ਸਰਕਾਰ ਦੇ ਕੰਨ ਉਤੇ ਜੂੰ ਵੀ ਨਹੀਂ ਸਰਕੀ। ਅਸੀਂ ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਖਿਲਾਫ ਪਾਸ ਕੀਤੇ ਤਿੰਨੇ ਲੋਕ ਅਤੇ ਕਿਸਾਨ ਵਿਰੋਧੀ ਕਾਨੂੰਨ ਫੌਰੀ ਤੌਰ ਤੇ ਰੱਦ ਕਰੇ।

ਜ਼ਿਲ੍ਹਾ ਕੌਂਸਲ ਚੰਡੀਗੜ੍ਹ ਦੇ ਸਾਬਕਾ ਸਕੱਤਰ-ਦੇਵੀ ਦਿਆਲ ਸ਼ਰਮਾ, ਸਿਟੀ ਬਰਾਂਚ ਮੋਹਾਲੀ ਦੇ ਇੰਚਾਰਜ- ਮਹਿੰਦਰਪਾਲ ਸਿੰਘ, ਸਕੱਤਰ ਜ਼ਿਲ੍ਹਾ ਕੌਂਸਲ ਮੋਹਾਲੀ-ਬਲਵਿੰਦਰ ਸਿੰਘ ਜੜੌਤ, ਡਾ. ਅਰਵਿੰਦ ਸਾਂਬਰ, ਪੀ. ਐੱਸ ਹੁੰਦਲ, ਜਸਪਾਲ ਸਿੰਘ ਦੱਪੜ, ਦਿਲਦਾਰ ਸਿੰਘ ਅਤੇ ਕਰਮ ਸਿੰਘ ਵਕੀਲ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਆਮ ਲੋਕਾਂ ਦੇ ਦੁੱਖ-ਦਰਦ ਦੂਰ ਕਰਨ ਅਤੇ ਮਹਿੰਗਾਈ ਉਤੇ ਕਾਬੂ ਪਾਉਣ ਦੀ ਥਾਂ ਕਾਰਪੋਰੇਟਾਂ ਦੀਆਂ ਤਿਜ਼ੋਰੀਆਂ ਭਰਨ, ਵੱਡੀਆਂ ਫੈਕਟਰੀਆਂ ਨੂੰ ਵੱਧ ਤੋਂ ਵੱਧ ਸਬਸੀਡੀਆਂ ਦੇਣ, ਪਬਲਿਕ ਸੈਕਟਰ ਦੇ ਅਨੇਕ ਮਹੱਤਵਪੂਰਨ ਅਦਾਰਿਆਂ ਨੂੰ ਵੇਚਣ, ਪਬਲਿਕ ਸੈਕਟਰ ਨੂੰ ਡਬੋਣ ਅਤੇ ਪਰਾਈਵੇਟ ਸੈਕਟਰ ਨੂੰ ਕੱੁਛੜ ਚੁੱਕਣ, ਕਿਰਤੀਆਂ ਦਾ ਕਿਰਤੀ ਵਿਰੋਧੀ ਕਾਨੂੰਨ ਬਣਾ ਕੇ ਕਚੂਮਰ ਕੱਢਣ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਤਹਿਸ ਨਹਿਸ ਕਰਨ ਦਾ ਪੁਰਜ਼ੋਰ ਖੰਡਨ ਕੀਤਾ। ਉਨ੍ਹਾਂ ਕਿਹਾ ਮੋਦੀ ਸਰਕਾਰ ਸਕੂਲਾਂ, ਕਾਲਜਾ, ਯੂਨੀਵਰਸਿਟੀਆਂ ਅਤੇ ਹਸਪਤਾਲਾਂ ਨੂੰ ਗਰਾਂਟਾਂ ਦੇਣ ਸਮੇਂ ਅਣਗੌਲਦੀ ਹੈ। ਕਾਰਪੋਰੇਟਾਂ ਲਈ ਗੱਫੇ ਵੰਡਦੀ ਹੈ ਜੋ ਸਰਕਾਰੀ ਪੈਸਾ ਹਜ਼ਮ ਕਰਕੇ ਬੈਂਕਾਂ ਨੂੰ ਰੋਲ ਚੁਕੇ ਹਨ। ਸਰਕਾਰ ਕਹਿੰਦੀ ਕੁਝ ਹੈ ਤੇ ਕਰਦੀ ਉਸ ਦੇ ਉਲਟ ਹੈ। ‘ਸਭ ਕਾ ਸਾਥ, ਸਭ ਕਾ ਵਿਕਾਸ’ ਦੀ ਥਾਂ ਅੱਜ ਮੋਦੀ ਸਰਕਾਰ ਵਿਨਾਸ਼ ਲੀਲਾ ਕਰ ਰਹੀ ਹੈ ਜਿਸ ਖਿਲਾਫ ਆਵਾਜ਼ ਬੁਲੰਦ ਕਰਨਾ ਸਮੇਂ ਦੀ ਸਖਤ ਲੋੜ ਹੈ। ਉਪਰੋਕਤ ਤੋਂ ਇਲਾਵਾ ਗੁਰਮੁੱਖ ਸਿੰਘ, ਸ਼ੰਗਾਰਾ ਸਿੰਘ, ਦਿਲਬਾਗ ਸਿੰਘ, ਅਮ੍ਰਿਤ ਲਾਲ,ਪ੍ਰਲਾਦ ਸਿੰਘ, ਮਧੂ ਸਾਂਬਰ, ਲਲਿਤ, ਸੁਰਜੀਤ ਕਾਲੜਾ, ਸੰਜੀਵ, ਹਰਜਿੰਦਰ ਸਿੰਘ, ਵਿਜੇ, ਮਨਮੋਹਨ, ਬੌਬੀ ਅਤੇ ਗੁਰਸੇਵਕ ਸਿੰਘ ਸਮੇਤ ਤਕਰੀਬਨ ਸੌ ਸਾਥੀਆਂ ਨੇ ਰੋਸ ਧਰਨੇ ਵਿਚ ਭਰਵੀਂ ਹਾਜ਼ਰੀ ਲਵਾਈ।

Share This Article
Leave a Comment