ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ । ਇਸ ਮਾਮਲੇ ਨੇ ਨਵਾਂ ਮੋੜ ਉਸ ਵੇਲੇ ਲੈ ਲਿਆ ਜਦੋਂ ਜਬਰ ਜ਼ਨਾਹ ਦਾ ਦੋਸ਼ ਲਾਉਣ ਵਾਲੀ ਮਹਿਲਾ ਦੇ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ । ਇੱਥੇ ਡੀਸੀ ਦਫ਼ਤਰ ਦੇ ਬਾਹਰ ਬੈਂਸ ਸਮਰਥਕਾਂ ਨਾਲ ਮਿਲ ਕੇ ਇਕ ਵਿਅਕਤੀ ਵੱਲੋਂ ਪੀੜਤ ਮਹਿਲਾ ਤੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਕਰ ਏ ਖਾਸ ਹੈ ਕਿ ਪੀਡ਼ਤ ਮਹਿਲਾ ਵੱਲੋਂ ਪਹਿਲਾਂ ਹੀ ਡੀਸੀ ਦਫ਼ਤਰ ਦੇ ਬਾਹਰ ਬੈਂਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹੁਣ ਇਸ ਵਿਅਕਤੀ ਵੱਲੋਂ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸ ਮਹਿਲਾ ਵੱਲੋਂ ਹੀ ਧੋਖਾਧੜੀ ਕੀਤੀ ਜਾ ਰਹੀ ਹੈ।
ਪੀਡ਼ਤ ਵਿਅਕਤੀ ਨੇ ਕਿਹਾ ਕਿ ਮਹਿਲਾ ਦੇ ਖਿਲਾਫ਼ ਉਸ ਵੱਲੋਂ ਪੁਲਸ ‘ਚ ਸ਼ਿਕਾਇਤ ਵੀ ਦਿੱਤੀ ਗਈ ਹੈ । ਵਿਅਕਤੀ ਦਾ ਕਹਿਣਾ ਹੈ ਕਿ ਬੈਂਸ ਉਪਰ ਲੱਗ ਰਹੇ ਸਾਰੇ ਦੋਸ਼ ਬੇਬੁਨਿਆਦ ਹਨ । ਪੀਡ਼ਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਕੋਲ ਉਕਤ ਮਹਿਲਾ ਖ਼ਿਲਾਫ਼ ਸਬੂਤ ਵੀ ਹਨ ਅਤੇ ਉਸ ਨਾਲ ਵੀ ਮਹਿਲਾ ਨੇ ਧੋਖਾਧੜੀ ਕੀਤੀ ਸੀ। ਉੱਧਰ ਜਦੋਂ ਉਕਤ ਮਹਿਲਾ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਸਨੇ ਬੋਲਦਿਆਂ ਕਿਹਾ ਕਿ ਉਹ ਇਸ ਵਿਅਕਤੀ ਬਾਰੇ ਕੁਝ ਨਹੀਂ ਜਾਣਦੀ ਅਤੇ ਉਹ ਇੱਥੇ ਸਿਰਫ਼ ਐੱਫਆਈਆਰ ਦੀ ਕਾਪੀ ਲੈਣ ਲਈ ਬੈਠੀ ਹੈ ਅਤੇ ਜਦੋਂ ਬੈਂਸ ਖ਼ਿਲਾਫ਼ ਕੀਤੀ ਗਈ ਐਫਆਈਆਰ ਦੀ ਕਾਪੀ ਉਸ ਨੂੰ ਮਿਲ ਜਾਵੇਗੀ ਉਹ ਆਪਣਾ ਧਰਨਾ ਸਮਾਪਤ ਕਰ ਦੇਵੇਗੀ ।