ਨਵੀਂ ਦਿੱਲੀ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚ ਜੰਮੂ ਕਸ਼ਮੀਰ ਚੋਂ ਆਰਟੀਕਲ 370 ਹਟਾਏ ਜਾਣ ਦੇ ਮਾਮਲੇ ‘ਤੇ ਬਿਆਨ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ 370 ਨੂੰ ਹਟਾਉਣਾ ਚਾਹੀਦਾ ਸੀ ਤੇ ਅਸੀਂ ਇਸ ਨੂੰ ਹਟਾ ਦਿੱਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਹਰ ਹਿਸਾਬ ਦੇਣ ਦੇ ਲਈ ਤਿਆਰ ਹਾਂ ਪਰ ਕੋਰੋਨਾ ਕਾਰਨ ਸਭ ਕੁਝ ਇੱਕ ਸਾਲ ਲਈ ਬੰਦ ਹੈ। ਜਲਦ ਹੀ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇਗਾ। ਇਸ ਸਬੰਧੀ ਅਦਾਲਤ ਚ ਲੰਬੀ ਸੁਣਵਾਈ ਚੱਲ ਰਹੀ ਹੈ ਅਤੇ ਫਿਰ ਪੰਜ ਜੱਜਾਂ ਦੀ ਬੈਂਚ ਨੂੰ ਇਹ ਮਾਮਲਾ ਟਰਾਂਸਫਰ ਕਰ ਦਿੱਤਾ ਜਾਵੇਗਾ।
ਗ੍ਰਹਿ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਪੰਚਾਇਤੀ ਰਾਜ ਸਥਾਪਿਤ ਕਰਨਾ ਸੀ। ਪੰਚਾਇਤੀ ਚੋਣਾਂ ਚ 51.7 ਫ਼ੀਸਦ ਵੋਟਿੰਗ ਹੋਈ। ਚੋਣਾਂ ਨੂੰ ਸ਼ਾਂਤਮਈ ਕਰਵਾਉਣ ਦੇ ਲਈ ਗੋਲੀ ਨਹੀਂ ਚਲਾਉਣੀ ਪਈ। ਕਾਂਗਰਸ ਦੇ ਸ਼ਾਸਨ ਚ ਜਿਵੇਂ ਇਲੈਕਸ਼ਨ ਹੁੰਦੇ ਸਨ ਮੈਂ ਉਨ੍ਹਾਂ ਵਿਚ ਨਹੀਂ ਜਾਣਾ ਚਾਹੁੰਦਾ। ਵਿਰੋਧੀ ਵੀ ਇਲਜ਼ਾਮ ਨਹੀਂ ਲਗਾ ਸਕਦੇ ਕਿ ਚੋਣਾਂ ਚ ਘਪਲਾ ਹੋਇਆ ਹੈ। ਜਿਨ੍ਹਾਂ ਨੇ ਆਰਟੀਕਲ 370 ਵਾਪਸ ਲੈਣ ਦੇ ਆਧਾਰ ‘ਤੇ ਚੋਣ ਲੜੀ ਉਨ੍ਹਾਂ ਨੂੰ ਸਾਫ ਹੋ ਗਿਆ ਕਿ ਕਸ਼ਮੀਰ ਦੀ ਜਨਤਾ ਕੀ ਚਾਹੁੰਦੀ ਹੈ।