ਮੋਗਾ : ਖੇਤੀ ਕਾਨੂੰਨ ਖਿਲਾਫ਼ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤਾਂ ਦੂਸਰੇ ਪਾਸੇ ਪੰਜਾਬ ‘ਚ ਬੀਜੇਪੀ ਲੀਡਰਾਂ ਦਾ ਘਿਰਾਓ ਵੀ ਜਾਰੀ ਹੈ। ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਮੋਗਾ ਵਿੱਚ ਬੀਜੇਪੀ ਲੀਡਰ ਵਿਜੈ ਸਾਂਪਲਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਦੌਰਾਨ ਜਿਵੇਂ ਹੀ ਕਿਸਾਨਾਂ ਨੂੰ ਵਿਜੈ ਸਾਂਪਲਾ ਦੀ ਆਮਦ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਬੀਜੇਪੀ ਦੀ ਚੱਲ ਰਹੀ ਮੀਟਿੰਗ ਵਿੱਚ ਪਹੁੰਚ ਗਏ। ਬੈਠਕ ਖ਼ਤਮ ਕਰਕੇ ਵਿਜੈ ਸਾਂਪਲਾ ਗੱਡੀ ‘ਚ ਬੈਠ ਕੇ ਵਾਪਸ ਜਾਣ ਲੱਗੇ ਤਾਂ ਕਿਸਾਨਾਂ ਨੇ ਉਹਨਾਂ ਦੀ ਗੱਡੀ ਘੇਰ ਲਈ। ਕਾਰ ਅੱਗੇ ਖੜ੍ਹੇ ਹੋ ਕੇ ਕਿਸਾਨਾਂ ਨੇ ਬੀਜੇਪੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਬੀਜੇਪੀ ਲੀਡਰ ਨੂੰ ਕਿਸਾਨਾਂ ਦੀ ਹਿਰਾਸਤ ਤੋਂ ਸੁਰੱਖਿਅਤ ਬਾਹਰ ਕੱਢਵਾਇਆ।
ਓਧਰ ਨਵਾਂਸ਼ਹਿਰ ‘ਚ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ। ਨਵਾਂਸ਼ਹਿਰ ‘ਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਰਕਰਾਂ ਨਾਲ ਮੀਟਿੰਗ ਕਰਨੀ ਸੀ। ਪਰ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਬੈਠਕ ਵਾਲੀ ਥਾਂ ਦੀ ਘੇਰਾਬੰਦੀ ਕਰ ਲਈ। ਇਸ ਤੋਂ ਬਾਅਦ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।