ਨਵੀਂ ਦਿੱਲੀ :- ਸੁਪਰੀਮ ਕੋਰਟ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ‘ਚ ਰਾਜਸਥਾਨ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਪਟੀਸ਼ਨ ਦਾਖ਼ਲ ਕਰਨ ‘ਚ ਦੇਰੀ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਸਪਸ਼ਟੀਕਰਨ ਮੰਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ‘ਚ ਇਸਤਗਾਸਾ ਚਲਾਉਣ ਲਈ ਜਿਸ ਢੰਗ ਨਾਲ ਅਪੀਲ ਕੀਤੀ ਗਈ ਹੈ ਉਹ ਬਹੁਤ ਨਿੰਦਣਯੋਗ ਹੈ।
ਕੋਰਟ ਨੇ ਕਿਹਾ ਕਿ 2018 ‘ਚ ਨਸ਼ੀਲੇ ਪਦਾਰਥਾਂ ਦੇ ਮਾਮਲੇ ‘ਚ ਮੁਲਜ਼ਮ ਨੂੰ ਬਰੀ ਕੀਤੇ ਜਾਣ ਦੇ ਹਾਈ ਕੋਰਟ ਦੇ ਹੁਕਮ ਖ਼ਿਲਾਫ਼ 652 ਦਿਨ ਤੋਂ ਬਾਅਦ ਉਸ ਦੇ ਸਾਹਮਣੇ ਪਟੀਸ਼ਨ ਦਾਖ਼ਲ ਕੀਤੀ ਗਈ। ਅਦਾਲਤ ਨੇ ਲੰਬੇ ਸਮੇਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਐੱਨਸੀਬੀ ਹੈੱਡ ਕੁਆਰਟਰ ਨੇ ਇਕ ਸਾਲ ਤਕ ਫਾਈਲ ਆਪਣੇ ਕੋਲ ਦੱਬੀ ਰੱਖੀ।
ਦੱਸ ਦਈਏ ਇਹ ਮਾਮਲਾ ਸਾਲ 2013 ‘ਚ ਇਕ ਕਾਰ ਨਾਲ ਕਥਿਤ ਤੌਰ ‘ਤੇ ਪੰਜ ਕਿੱਲੋ ਪਾਬੰਦੀਸ਼ੁਦਾ ਹੈਰੋਇਨ ਬਰਾਮਦ ਹੋਣ ਨਾਲ ਸਬੰਧਤ ਹੈ। ਬੈਂਚ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਚ ਐੱਨਸੀਬੀ ਹੈੱਡ ਕੁਆਰਟਰ ਤੋਂ ਸਪਸ਼ਟੀਕਰਨ ਮੰਗਦੇ ਹਾਂ ਤੇ ਇਸ ਤਰ੍ਹਾਂ ਦੀ ਲਾਪਰਵਾਹੀ ਲਈ ਕਿਸੇ ਅਧਿਕਾਰੀ ‘ਤੇ ਕਿਸ ਤਰ੍ਹਾਂ ਨਾਲ ਕਾਰਵਾਈ ਕੀਤੀ ਗਈ ਹੈ ਤੇ ਕਿਸ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।